ਤਣਾਅ 'ਚ ਇਮਰਾਨ ਖਾਨ, ਲੱਗ ਰਿਹੈ ਮੋਦੀ ਸਰਕਾਰ ਦੇ ਐਕਸ਼ਨ ਦਾ ਡਰ

08/14/2019 4:44:35 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਇਮਰਾਨ ਖਾਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੀ ਵਿਧਾਨ ਸਭਾ ਵਿਚ ਪਹੁੰਚੇ। ਇੱਥੇ ਉਨ੍ਹਾਂ ਨੇ ਇਕ ਵਾਰ ਫਿਰ ਕਸ਼ਮੀਰ ਦਾ ਮਾਮਲਾ ਚੁੱਕਿਆ। ਸਦਨ ਨੂੰ ਸੰਬੋਧਿਤ ਕਰਦਿਆਂ ਇਮਰਾਨ ਖਾਨ ਨੇ ਕਿਹਾ,''ਮੈਂ ਕਸ਼ਮੀਰ ਮਾਮਲੇ 'ਤੇ ਪੀ.ਐੱਮ. ਨਰਿੰਦਰ ਮੋਦੀ ਅਤੇ ਬੀਜੇਪੀ ਦੇ ਸੱਚ ਨੂੰ ਦੁਨੀਆ ਦੇ ਸਾਹਮਣੇ ਰੱਖਿਆ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਕਸ਼ਮੀਰ 'ਤੇ ਰੁੱਕਣ ਵਾਲੇ ਨਹੀਂ ਹਨ। ਸਾਨੂੰ ਜਾਣਕਾਰੀ ਮਿਲੀ ਹੈ ਕਿ ਉਹ ਪੀ.ਓ.ਕੇ. ਵਿਚ ਵੀ ਆ ਸਕਦੇ ਹਨ।''

ਇਮਰਾਨ ਨੇ ਕਿਹਾ ਕਿ ਪਰ ਸਾਡੀ ਫੌਜ ਤਿਆਰ ਹੈ। ਜੇਕਰ ਕੁਝ ਹੋਇਆ ਤਾਂ ਅਸੀਂ ਜਵਾਬ ਦੇਵਾਂਗੇ। ਜਿਸ ਤਰ੍ਹਾਂ ਭਾਰਤ ਸਰਕਾਰ ਨੇ ਪੁਲਵਾਮਾ ਦੇ ਬਾਅਦ ਬਾਲਾਕੋਟ ਵਿਚ ਹਮਲਾ ਕੀਤਾ ਸੀ, ਹੁਣ ਉਹ ਪੀ.ਓ.ਕੇ. ਵੱਲ ਆ ਸਕਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚ ਯੁੱਧ ਦੇ ਹਾਲਾਤ ਬਣਦੇ ਹਨ ਤਾਂ ਇਸ ਲਈ ਦੁਨੀਆ ਜ਼ਿੰਮੇਵਾਰ ਹੋਵੇਗੀ ਅਤੇ ਸੰਯੁਕਤ ਰਾਸ਼ਟਰ ਜ਼ਿੰਮੇਵਾਰ ਹੋਵੇਗਾ।

ਇਮਰਾਨ ਨੇ ਅੱਗੇ ਕਿਹਾ,''ਹੁਣ ਪਾਕਿਸਤਾਨ ਕਸ਼ਮੀਰ ਮਾਮਲੇ ਨੂੰ ਦੁਨੀਆ ਦੇ ਹਰ ਫੋਰਮ ਵਿਚ ਲਿਜਾਏਗਾ। ਨਾਲ ਹੀ ਜੇਕਰ ਲੋੜ ਪਈ ਤਾਂ ਅਸੀਂ ਅੰਤਰਰਾਸ਼ਟਰੀ ਅਦਾਲਤ ਵਿਚ ਵੀ ਜਾਵਾਂਗੇ। ਆਉਣ ਵਾਲੇ ਸਮੇਂ ਵਿਚ ਲੰਡਨ ਵਿਚ ਇਸ ਨੂੰ ਲੈ ਕੇ ਵੱਡੀ ਰੈਲੀ ਵੀ ਨਿਕਲੇਗੀ। ਜਦੋਂ ਸੰਯੁਕਤ ਰਾਸ਼ਟਰ ਦੀ ਮਹਾਸਭਾ ਚੱਲੇਗੀ ਤਾਂ ਉੱਥੇ ਵੀ ਪਾਕਿਸਤਾਨ ਵੱਲੋਂ ਇਸ ਦਾ ਵਿਰੋਧ ਕੀਤਾ ਜਾਵੇਗਾ।'' ਗੌਰਤਲਬ ਹੈ ਕਿ ਪਾਕਿਸਤਾਨ ਜੰਮੂ-ਕਸ਼ਮੀਰ 'ਤੇ ਭਾਰਤ ਸਰਕਾਰ ਦੇ ਫੈਸਲੇ ਦੇ ਬਾਅਦ ਤੋਂ ਹੀ ਬੌਖਲਾਇਆ ਹੋਇਆ ਹੈ। ਇਕ ਵਾਰ ਫਿਰ ਇਹੀ ਬੌਖਲਾਹਟ ਇਮਰਾਨ ਦੇ ਭਾਸ਼ਣ ਵਿਚ ਨਜ਼ਰ ਆਈ। 

ਇਮਰਾਨ ਨੇ ਕਿਹਾ,''ਭਾਜਪਾ ਅਤੇ ਸੰਘ ਦੀ ਵਿਚਾਰਧਾਰਾ ਮੁਸਲਮਾਨਾਂ ਦੇ ਵਿਰੁੱਧ ਹੈ ਅਤੇ ਉਹ ਹਿੰਦੁਸਤਾਨ ਵਿਚ ਰਾਜ ਕਰ ਰਹੇ ਹਨ।'' ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਦੁਨੀਆ ਦੇ ਹਰੇਕ ਮੰਚ 'ਤੇ ਕਸ਼ਮੀਰ ਦੀ ਗੱਲ ਰੱਖੀ ਜਾ ਰਹੀ ਹੈ। ਮੈਂ ਟਵੀਟ ਜ਼ਰੀਏ ਦੁਨੀਆ ਨੂੰ ਇਸ ਬਾਰੇ ਦੱਸ ਰਿਹਾ ਹਾਂ। ਇਮਰਾਨ ਨੇ ਅੱਗੇ ਕਿਹਾ,''ਨਰਿੰਦਰ ਮੋਦੀ ਨੂੰ ਕਸ਼ਮੀਰ ਦਾ ਇਹ ਫੈਸਲਾ ਕਾਫੀ ਭਾਰੀ ਪੈਣ ਵਾਲਾ ਹੈ।'' ਇਮਰਾਨ ਨੇ ਕਿਹਾ,''ਮੈਂ ਦੁਨੀਆ ਦੇ ਅੰਦਰ ਕਸ਼ਮੀਰ ਦੀ ਆਵਾਜ਼ ਬਣਾਂਗਾ ਅਤੇ ਹਰ ਕਿਸੇ ਨੂੰ ਆਰ.ਐੱਸ.ਐੱਸ. ਦੀ ਵਿਚਾਰਧਾਰਾ ਦੇ ਬਾਰੇ ਵਿਚ ਦੱਸਾਂਗਾ।'' ਆਪਣੇ ਸੰਬੋਧਨ ਵਿਚ ਇਮਰਾਨ ਨੇ ਕਿਹਾ ਕਿ ਬੀਜੇਪੀ ਵਾਲੇ ਹਿੰਦੁਸਤਾਨ ਵਿਚ ਮੁਸਲਮਾਨਾਂ ਦੀ ਆਵਾਜ਼ ਨੂੰ ਦਬਾ ਰਹੇ ਹਨ ਅਤੇ ਉਨ੍ਹਾਂ ਨੂੰ ਪਾਕਿਸਤਾਨ ਜਾਣ ਦੀ ਧਮਕੀ ਦੇ ਰਹੇ ਹਨ।

Vandana

This news is Content Editor Vandana