ਪਾਕਿ : ਇਕ ਹੋਰ ਮੰਦਰ ''ਚ ਭੰਨ-ਤੋੜ, ਮਾਂ ਦੁਰਗਾ ਦੀ ਮੂਰਤੀ ਕੀਤੀ ਗਈ ਖੰਡਿਤ

10/25/2020 6:28:17 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਘੱਟ ਗਿਣਤੀ ਹਿੰਦੂਆਂ ਅਤੇ ਉਹਨਾਂ ਦੇ ਧਾਰਮਿਕ ਸਥਾਨਾਂ 'ਤੇ ਹਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਹੁਣ ਸਿੰਧ ਸੂਬੇ ਦੇ ਥਾਰਪਾਰਕਰ ਜ਼ਿਲ੍ਹੇ ਵਿਚ ਸਥਿਤ ਨਾਗਾਰਪਾਰਕਰ ਵਿਚ ਧਾਰਮਿਕ ਕੱਟੜਪੰਥੀਆਂ ਨੇ ਦੁਰਗਾ ਮਾਤਾ ਦੀ ਮੂਰਤੀ ਖੰਡਿਤ ਕਰ ਦਿੱਤੀ ਹੈ। ਇੰਨਾ ਹੀ ਨਹੀਂ ਇਹਨਾਂ ਹਮਲਾਵਰਾਂ ਨੇ ਮੰਦਰ ਨੂੰ ਵੀ ਕਾਫੀ ਹੱਦ ਤੱਕ ਨੁਕਸਾਨ ਪਹੁੰਚਾਇਆ ਹੈ। ਇਸ ਤੋਂ ਪਹਿਲਾਂ ਸਿੰਧ ਦੇ ਹੀ ਬਾਦਿਨ ਵਿਚ 10 ਅਕਤੂਬਰ ਨੂੰ ਇਕ ਮੰਦਰ ਵਿਚ ਭੰਨ-ਤੋੜ ਕੀਤੀ ਗਈ ਸੀ।

 

ਰਾਤ ਵੇਲੇ ਮੰਦਰ ਵਿਚ ਭੰਨ-ਤੋੜ
ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਅੱਧੀ ਰਾਤ ਨੂੰ ਕੁਝ ਅਣਪਛਾਤੇ ਲੋਕ ਮੰਦਰ ਦੇ ਕੰਪਲੈਕਸ ਵਿਚ ਦਾਖਲ ਹੋਏ। ਇਸ ਦੇ ਬਾਅਦ ਉਹਨਾਂ ਨੇ ਦਰਵਾਜ਼ਾ ਬੰਦ ਕਰ ਕੇ ਮੂਰਤੀ ਨੂੰ ਤੋੜ ਦਿੱਤਾ। ਜਾਂਦੇ-ਜਾਂਦੇ ਉਹਨਾਂ ਨੇ ਮੰਦਰ ਨੂੰ ਵੀ ਨੁਕਸਾਨ ਪਹੁੰਚਾਇਆ। ਹੁਣ ਤੱਕ ਹਮਲਾਵਰਾਂ ਦੇ ਖਿਲਾਫ਼ ਪੁਲਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ। ਇੱਥੇ ਦੱਸ ਦਈਏ ਕਿ ਪਹਿਲਾਂ ਵੀ ਪਾਕਿਸਤਾਨ ਵਿਚ ਹਿੰਦੂਆਂ ਦੇ ਖਿਲਾਫ਼ ਅੱਤਿਆਚਾਰ ਹੁੰਦੇ ਰਹੇ ਹਨ।

 

ਕਾਰਵਾਈ ਦੀ ਮੰਗ
ਮੰਦਰ ਦੇ ਨੇੜੇ ਰਹਿਣ ਵਾਲੇ ਹਿੰਦੂ ਭਾਈਚਾਰੇ ਨੇ ਇਸ ਘਟਨਾ 'ਤੇ ਗੁੱਸਾ ਜ਼ਾਹਰ ਕਰਦਿਆਂ ਜਲਦੀ ਤੋਂ ਜਲਦੀ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹਿੰਦੂ ਭਾਈਚਾਰੇ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਅਸਵੀਕਾਰਯੋਗ ਹਨ ਅਤੇ ਸਰਕਾਰ ਨੂੰ ਦੋਸ਼ੀਆਂ ਨੂੰ ਫੜਨਾ ਚਾਹੀਦਾ ਹੈ। ਦੂਜੇ ਹੋਰ ਮਾਮਲਿਆਂ ਵਾਂਗ ਇਸ ਮਾਮਲੇ ਵਿਚ ਵੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਮੁਆਫ ਨਹੀਂ ਕੀਤਾ ਜਾਵੇਗਾ।

ਪੜ੍ਹੋ ਇਹ ਅਹਿਮ ਖਬਰ- ਮੈਲਬੌਰਨ 'ਚ ਕੋਰੋਨਾ ਦਾ ਕਹਿਰ ਜਾਰੀ, ਸਖਤ ਪਾਬੰਦੀਆਂ ਲਾਗੂ

ਰਿਪੋਰਟ ਮੁਤਾਬਕ, 10 ਦਿਨ ਪਹਿਲਾਂ ਹੀ ਸਿੰਧ ਸੂਬੇ ਦੇ ਬਾਦਿਨ ਜ਼ਿਲ੍ਹੇ ਵਿਚ ਇਕ ਮੰਦਰ ਵਿਚ ਭੰਨ-ਤੋੜ ਕੀਤੀ ਗਈ ਸੀ। ਪਾਕਿਸਤਾਨੀ ਮੀਡੀਆ ਐਕਸਪ੍ਰੈੱਸ ਟ੍ਰਿਬਿਊਨ ਦੇ ਮੁਤਾਬਕ, ਇਸ ਮਾਮਲੇ ਵਿਚ ਸ਼ਿਕਾਇਤਕਰਤਾ ਅਸ਼ੋਕ ਕੁਮਾਰ ਨੇ ਦੋਸ਼ ਲਗਾਇਆ ਸੀ ਕਿ ਮੰਦਰ ਵਿਚ ਭੰਨ ਤੋੜ ਮੁਹੰਮਦ ਇਸਮਾਇਲ ਉਰਫ ਚੱਟੋ ਸ਼ੀਦੀ ਨੇ ਕੀਤੀ ਸੀ, ਜਿਸ ਦੇ ਬਾਅਦ ਪਾਕਿਸਤਾਨ ਪੁਲਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Vandana

This news is Content Editor Vandana