ਸਿੰਧ ਸੂਬੇ ਤੋਂ ਅਗਵਾ ਹਿੰਦੂ ਕੁੜੀ ਦੇ ਮਾਮਲੇ 'ਚ ਆਇਆ ਨਵਾਂ ਮੋੜ

03/27/2019 4:45:30 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਸਿੰਧ ਸੂਬੇ ਤੋਂ ਅਗਵਾ ਹੋਈ ਹਿੰਦੂ ਕੁੜੀ ਦੇ ਮਾਮਲੇ ਵਿਚ ਇਕ ਨਵਾਂ ਮੋੜ ਆਇਆ ਹੈ। ਹੁਣ ਇਕ ਪਾਕਿਸਤਾਨੀ ਸ਼ਖਸ ਨੇ ਦਾਅਵਾ ਕੀਤਾ ਹੈ ਕਿ ਸਿੰਧ ਸੂਬੇ ਤੋਂ ਜਿਹੜੀ ਨਾਬਾਲਗ ਕੁੜੀ ਨੂੰ ਚਾਰ ਹਥਿਆਰਬੰਦ ਲੋਕਾਂ ਨੇ ਅਗਵਾ ਕੀਤਾ ਸੀ ਉਸ ਨੇ ਇਸਲਾਮ ਕਬੂਲ ਕਰ ਲਿਆ ਹੈ ਅਤੇ ਉਸ ਨਾਲ ਵਿਆਹ ਕਰ ਲਿਆ ਹੈ। ਇਸੇ ਤਰ੍ਹਾਂ ਦਾ ਮਾਮਲਾ ਕੁਝ ਦਿਨ ਪਹਿਲਾਂ ਆਇਆ ਸੀ ਜਿਸ ਦੇ ਬਾਅਦ ਪੂਰੇ ਦੇਸ਼ ਵਿਚ ਗੁੱਸੇ ਦਾ ਮਾਹੌਲ ਸੀ। ਇਕ ਦਿਨ ਪਹਿਲਾਂ ਸੂਬਾਈ ਘੱਟ ਗਿਣਤੀ ਕਾਰਜ ਮੰਤਰੀ ਹਰੀ ਰਾਮ ਕਿਸ਼ੋਰ ਲਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਸੀ ਕਿ ਅਗਵਾ ਕਰਨ ਦੇ ਮਾਮਲੇ ਦੀ ਐੱਫ.ਆਈ.ਆਰ. ਦਰਜ ਕੀਤੀ ਜਾਵੇ ਅਤੇ ਕੁੜੀ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ।

ਕੁੜੀ ਦੇ ਪਿਤਾ ਨੇ ਸ਼ਿਕਾਇਤ ਕੀਤੀ ਕਿ 17 ਮਾਰਚ ਨੂੰ ਉਨ੍ਹਾਂ ਦੀ 14 ਸਾਲਾ ਕੁੜੀ ਨੂੰ ਬਾਦਿਨ ਜ਼ਿਲੇ ਵਿਚ ਸਥਿਤ ਉਸ ਦੇ ਘਰੋਂ ਚਾਰ ਹਥਿਆਰਬੰਦ ਲੋਕਾਂ ਨੇ ਅਗਵਾ ਕਰ ਲਿਆ ਸੀ। ਇਸ ਦੇ ਬਾਅਦ ਮੰਗਲਵਾਰ ਨੂੰ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਚਾਰ ਵਿਚੋਂ ਤਿੰਨ ਹਥਿਆਰਬੰਦ ਲੋਕਾਂ ਦੀ ਪਛਾਣ ਨਹੀਂ ਹੋ ਪਾਈ ਹੈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਇਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਕੁੜੀ ਹੁਣ ਉਸ ਦੀ ਪਤਨੀ ਹੈ ਅਤੇ ਉਸ ਨੇ ਇਸਲਾਮ ਧਰਮ ਸਵੀਕਾਰ ਕਰ ਲਿਆ ਹੈ। 

ਖਬਰ ਮੁਤਾਬਕ ਵਿਅਕਤੀ ਨੇ ਪੱਤਰਕਾਰਾਂ ਨੂੰ ਦਸਤਾਵੇਜ਼ ਭੇਜੇ ਹਨ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਮਰਾਵ ਸ਼ਹਿਰ ਵਿਚ ਉਸ ਦੇ ਮਦਰਸੇ ਵਿਚ 17 ਮਾਰਚ ਨੂੰ ਪੀਰ ਜਾਨ ਆਗਾ ਖਾਨ ਸਰਹਾਂਦੀ ਨੇ ਕੁੜੀ ਨੂੰ ਇਸਲਾਮ ਸਵੀਕਾਰ ਕਰਵਾਇਆ, ਜਿਸ ਦੇ ਬਾਅਦ ਉਸ ਨੇ ਕੁੜੀ ਨਾਲ ਵਿਆਹ ਕਰ ਲਿਆ। ਖਬਰ ਵਿਚ   ਕਿਹਾ ਗਿਆ ਹੈ ਕਿ ਉਮਰ ਕੋਟ ਜ਼ਿਲੇ ਦੇ ਰਹਿਣ ਵਾਲੇ ਵਿਅਕਤੀ ਨੇ ਕੁੜੀ ਦੇ ਪਿਤਾ ਦੇ ਇਸ ਦਾਅਵੇ ਨੂੰ ਵੀ ਖਾਰਿਜ ਕੀਤਾ ਕਿ ਉਹ ਨਾਬਾਲਗ ਹੈ। ਉਸ ਨੇ ਕਿਹਾ ਕਿ ਕੁੜੀ ਦੀ ਉਮਰ 19 ਸਾਲ ਹੈ। ਗੌਰਤਲਬ ਹੈ ਕਿ ਇਹ ਘਟਨਾ ਸਿੰਧ ਦੇ ਘੋਟਕੀ ਜ਼ਿਲੇ ਵਿਚ ਦੋ ਹਿੰਦੂ ਨਾਬਾਲਗ ਕੁੜੀਆਂ ਨੂੰ ਅਗਵਾ ਕਰ ਕੇ ਜ਼ਬਰੀ ਧਰਮ ਪਰਿਵਰਤਨ ਕਰਾਉਣ ਨੂੰ ਲੈ ਕੇ ਰਾਸ਼ਟਰ ਪੱਧਰੀ ਗੁੱਸੇ ਦੌਰਾਨ ਵਾਪਰੀ ਹੈ।

Vandana

This news is Content Editor Vandana