ਪਾਕਿ :ਇਮਰਾਨ ਦੇ ਭਤੀਜੇ ਨੇ ਸੜਕ 'ਤੇ ਕੀਤੀ ਗੁੰਡਾਗਰਦੀ, ਵੀਡੀਓ ਵਾਇਰਲ
Sunday, Jan 12, 2020 - 12:20 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਭਤੀਜਾ ਹਸਨ ਨਿਯਾਜ਼ੀ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਇਸ ਵਾਰ ਨਿਯਾਜ਼ੀ ਦਾ ਇਕ ਮੋਬਾਈਲ ਵੀਡੀਓ ਸਾਹਮਣੇ ਆਇਆ ਹੈ। ਇਸ ਵਿਚ ਉਹ ਇਕ ਸੜਕ ਹਾਦਸੇ ਦੇ ਬਾਅਦ ਡਰਾਈਵਰ ਦੇ ਨਾਲ ਗੁੰਡਾਗਰਦੀ ਕਰਦਾ ਦਿੱਸ ਰਿਹਾ ਹੈ। ਸ਼ਨੀਵਾਰ ਨੂੰ ਪਾਕਿਸਤਾਨ ਦੇ ਡਾਨ ਨਿਊਜ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਵੀਡੀਓ ਵਿਚ ਹਸਨ ਨਿਯਾਜ਼ੀ ਇਕ ਕਾਰ ਡਰਾਈਵਰ ਦੇ ਨਾਲ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਦਾ ਦਿੱਸ ਰਿਹਾ ਹੈ। ਸਿਰਫ ਇੰਨਾ ਹੀ ਨਹੀਂ ਨਿਯਾਜ਼ੀ ਨੂੰ ਦੋ ਪੁਲਸਕਰਮੀਆਂ ਦੀ ਮੌਜੂਦਗੀ ਵਿਚ ਉਸੇ ਕਾਰ ਨੂੰ ਲੱਤ ਮਾਰਦੇ ਹੋਏ ਵੀ ਦੇਖਿਆ ਜਾ ਸਕਦਾ ਹੈ।
ਵੀਡੀਓ ਵਿਚ ਇਮਰਾਨ ਦੇ ਭਤੀਜੇ ਹਸਨ ਨਿਯਾਜ਼ੀ ਅਤੇ ਡਰਾਈਵਰ ਵਿਚ ਝੜਪ ਦੌਰਾਨ ਹੋਰ ਲੋਕ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਜਿਯਾਫ ਅਲੀ ਰੋਡ 'ਤੇ ਨਿਯਾਜ਼ੀ ਅਤੇ ਦੂਜੇ ਵਿਅਕਤੀ ਦੀ ਕਾਰ ਵਿਚ ਮਾਮੂਲੀ ਟੱਕਰ ਦੇ ਬਾਅਦ ਇਹ ਝੜਪ ਹੋਈ। ਨਿਯਾਜ਼ੀ ਆਪਣੀ ਕਾਰ ਵਿਚੋਂ ਬਾਹਰ ਆਏ ਅਤੇ ਹਾਦਸੇ ਲਈ ਦੂਜੇ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਸ ਕੋਲੋਂ ਚਾਬੀ ਖੋਹ ਲਈ। ਪੁਲਸ ਅਧਿਕਾਰੀ ਦੇ ਮੁਤਾਬਕ ਇਸ ਗੱਲ ਨੂੰ ਲੈਕੇ ਦੋਹਾਂ ਵਿਚ ਬਹਿਸ ਹੋਈ। ਫਿਲਹਾਲ ਪੁਲਸ ਨੇ ਮਾਮਲੇ ਨੂੰ ਸੁਲਝਾ ਲਿਆ ਹੈ।
ਇੱਥੇ ਦੱਸ ਦਈਏ ਕਿ ਨਿਯਾਜ਼ੀ ਨੇ ਪਹਿਲਾਂ ਵੀ ਅਜਿਹੀ ਹਰਕਤ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਪੰਜਾਬ ਇੰਸਟੀਚਿਊਟ ਆਫ ਕਾਰਡੀਓਲੋਜੀ 'ਤੇ ਹਮਲਾ ਕਰਨ ਤੋਂ ਪਹਿਲਾਂ ਵਕੀਲਾਂ ਦੀ ਰੈਲੀ ਵਿਚ ਹਿੱਸਾ ਲੈਣ ਦੇ ਦੌਰਾਨ ਨਿਯਾਜ਼ੀ ਦਾ ਇਕ ਹੋਰ ਵੀਡੀਓ ਵਾਇਰਲ ਹੋਇਆ ਸੀ। ਜਿਸ ਵਿਚ ਉਹ ਵਕੀਲਾਂ ਦੇ ਨਾਲ ਪੁਲਸ ਕਾਰ ਵਿਚ ਭੰਨਤੋੜ ਕਰ ਰਹੇ ਸਨ। ਇਸ ਮਗਰੋਂ ਉਹਨਾਂ ਨੂੰ ਹਸਪਤਾਲ 'ਤੇ ਹਮਲਾ ਕਰਨ ਵਾਲੇ ਕਈ ਵਕੀਲਾਂ ਦੇ ਵਿਰੁੱਧ ਦਰਜ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ ।