ਪਾਕਿਸਤਾਨ ''ਚ ਹੀ ਹੈ ਦਾਊਦ ਇਬ੍ਰਾਹਿਮ, ਭਾਰਤ ਨੇ ਕੀਤੀ ਦਾਅਵੇ ਦੀ ਹਮਾਇਤ

07/07/2019 4:04:20 PM

ਲੰਡਨ (ਏਜੰਸੀ)- ਸੰਯੁਕਤ ਰਾਸ਼ਟਰ ਵਲੋਂ ਐਲਾਨੇ ਅੱਤਵਾਦੀ ਦਾਊਦ ਇਬ੍ਰਾਹਿਮ ਪਾਕਿਸਤਾਨ ਵਿਚ ਹੈ ਅਤੇ ਸਿਹਤਮੰਦ ਹੈ, ਇਸ ਦੀ ਪੁਸ਼ਟੀ ਕਈ ਸਰੋਤਾਂ ਨਾਲ ਲਗਾਤਾਰ ਹੋ ਰਹੀ ਹੈ। ਕਈ ਦੇਸ਼ਾਂ ਵਿਚ ਫੈਲੇ ਦਾਊਦ ਦੇ ਕਾਲੇ ਧੰਦਿਆਂ ਨੂੰ ਸੰਭਾਲਣ ਵਾਲੇ ਜਾਬਿਰ ਮੋਤੀ ਨੂੰ ਅਮਰੀਕਾ ਹਿਰਾਸਤ ਵਿਚ ਲੈ ਕੇ ਪੁਛਗਿੱਛ ਕਰਨੀ ਚਾਹ ਰਿਹਾ ਹੈ ਪਰ ਪਾਕਿਸਤਾਨ ਉਸ ਨੂੰ ਅਮਰੀਕਾ ਜਾਣ ਤੋਂ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਮੋਤੀ ਨੂੰ ਸਕਾਟਲੈਂਡ ਯਾਰਡ ਨੇ ਕੁਝ ਮਹੀਨੇ ਪਹਿਲਾਂ ਲੰਡਨ ਵਿਚ ਗ੍ਰਿਫਤਾਰ ਕੀਤਾ ਸੀ ਅਤੇ ਉਹ ਇਸ ਸਮੇਂ ਬ੍ਰਿਟਿਸ਼ ਜੇਲ ਵਿਚ ਹਨ। ਮੋਤੀ ਦਾ ਦਾਊਦ ਦੇ ਨਾਲ ਕੁਝ ਮਹੀਨੇ ਪਹਿਲਾਂ ਦੀ ਫੋਟੋ ਸਾਹਮਣੇ ਆਇਆ ਹੈ। ਮੋਤੀ ਨੂੰ ਅਮਰੀਕਾ ਹਵਾਲੇ ਕਰਨ ਤੋਂ ਰੋਕਣ ਲਈ ਪਾਕਿਸਤਾਨ ਜਿਸ ਤਰ੍ਹਾਂ ਨਾਲ ਅੱਡੀ-ਚੋਟੀ ਦਾ ਜ਼ੋਰ ਲਗਾ ਰਿਹਾ ਹੈ, ਉਸ ਤੋਂ ਵੀ ਸੰਕੇਤ ਮਿਲ ਰਿਹਾ ਹੈ ਕਿ ਦਾਊਦ ਅਜੇ ਸਰਗਰਮ ਸਥਿਤੀ ਵਿਚ ਹੈ ਅਤੇ ਉਹ ਪਾਕਿਸਤਾਨ ਲਈ ਕੰਮ ਦਾ ਬੰਦਾ ਬਣਿਆ ਹੋਇਆ ਹੈ। ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ. ਨੇ ਹਾਲ ਹੀ ਵਿਚ ਪੁਸ਼ਟੀ ਕੀਤੀ ਹੈ ਕਿ ਦਾਊਦ ਪਾਕਿਸਤਾਨ ਵਿਚ ਹੈ ਅਤੇ ਉਥੇ ਹੀ ਆਪਣਾ ਨੈਟਵਰਕ ਸੰਚਾਲਿਤ ਕਰ ਰਿਹਾ ਹੈ।

ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਐਫ.ਬੀ.ਆਈ. ਦੇ ਦਾਅਵੇ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਸਿਲਸਿਲੇ ਵਿਚ ਪਾਕਿਸਤਾਨ ਦੀ ਨਾਂਹ ਨੂੰ ਰੱਦ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਹੈ ਕਿ ਦਾਊਦ ਦਾ ਪਾਕਿਸਤਾਨ ਵਿਚ ਹੋਣਾ ਹੁਣ ਕੋਈ ਰਹੱਸ ਨਹੀਂ ਰਹਿ ਗਿਆ ਹੈ। ਦਾਊਦ ਦੇ ਨਾਲ ਜਾਬਿਰ ਮੋਤੀ ਦੀ ਕੁਝ ਮਹੀਨੇ ਪੁਰਾਣਈ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਪੱਕਾ ਹੋ ਗਿਆ ਹੈ ਕਿ ਅੰਡਰਵਰਲਡ ਡਾਨ ਸਿਹਤਮੰਦ ਹੈ, ਹਾਲ ਦੇ ਸਾਲਾਂ ਵਿਚ ਉਸ ਦੇ ਬੁਰੀ ਤਰ੍ਹਾਂ ਨਾਲ ਬੀਮਾਰ ਹੋਣ ਦੀਆਂ ਜੋ ਖਬਰਾਂ ਫੈਲਾਈਆਂ ਜਾ ਰਹੀਆਂ ਸਨ ਉਹ ਪਾਕਿਸਤਾਨ ਦਾ ਭਰਮ ਕਰਨ ਦੀ ਕੋਸ਼ਿਸ਼ ਸੀ। ਅਮਰੀਕੀ ਸੁਰੱਖਿਆ ਮਾਹਰ ਲਾਰੈਂਸ ਸੇਲਿਨ ਦਾ ਤਾਜ਼ਾ ਬਿਆਨ ਸਨਸਨੀ ਪੈਦਾ ਕਰਨ ਵਾਲਾ ਹੈ। ਉਨ੍ਹਾਂ ਨੇ ਸ਼੍ਰੀਲੰਕਾ ਵਿਚ ਈਸਟਰ ਸੰਡੇ ਨੂੰ ਹੋਏ ਲੜੀਵਾਰ ਧਮਾਕਿਆਂ ਦੇ ਤਾਰ ਦਾਊਦ ਇਬ੍ਰਾਹਿਮ ਨਾਲ ਜੋੜੇ ਹਨ। ਕਿਹਾ ਹੈ ਕਿ ਦਾਊਦ ਅਤੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਦਾ ਨਸ਼ੀਲੇ ਪਦਾਰਥਾਂ- ਅੱਤਵਾਦੀ ਜਿਹਾਦੀ ਨੈਟਵਰਕ ਸ਼੍ਰੀਲੰਕਾ ਧਮਾਕਿਆਂ ਲਈ ਜ਼ਿੰਮੇਵਾਰ ਹੋ ਸਕਦਾ ਹੈ। ਕਾਫੀ ਸੰਭਾਵਨਾ ਹੈ ਕਿ ਦਾਊਦ ਅਤੇ ਆਈ.ਐਸ.ਆਈ. ਦੇ ਨਾਪਾਕ ਗਠਜੋੜ ਨੇ ਸ਼੍ਰੀਲੰਕਾ ਦੇ ਧਮਾਕਿਆਂ ਲਈ ਸਹੂਲਤਾਂ ਅਤੇ ਧਨ ਮੁਹੱਈਆ ਕਰਵਾਇਆ ਹੋਵੇ। ਸ਼੍ਰੀਲੰਕਾ ਵਿਚ ਹੋਏ ਧਮਾਕਿਆਂ ਵਿਚ 250 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਜਦੋਂ ਕਿ 1993 ਵਿਚ ਮੁੰਬਈ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਵਿਚ 257 ਲੋਕ ਮਾਰੇ ਗਏ ਸਨ। ਇਨ੍ਹਾਂ ਧਮਾਕਿਆਂ ਨੂੰ ਵੀ ਦਾਊਦ ਦੇ ਨੈਟਵਰਕ ਨੇ ਅੰਜਾਮ ਦਿੱਤਾ ਸੀ।

Sunny Mehra

This news is Content Editor Sunny Mehra