ਪਾਕਿ : ਗੁਰਦੁਆਰਾ ਸਾਹਿਬ ਦੀਆਂ ਕੰਧਾਂ 'ਤੇ ਲਿਖੀਆਂ ਗੁਰਬਾਣੀ ਦੀਆਂ ਤੁਕਾਂ ਮਿਟਾਈਆਂ ਗਈਆਂ

07/17/2019 12:08:57 PM

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿਚ ਸਥਿਤ ਗੁਰਦੁਆਰਾ ਸਾਹਿਬ ਵਿਚ ਵਾਪਰੀ ਘਟਨਾ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਈ ਹੈ। ਇੱਥੇ ਨੌਲਖਾ ਬਾਜ਼ਾਰ ਸਥਿਤ ਸ਼ਹੀਦ ਭਾਈ ਤਾਰੂ ਸਿੰਘ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੀਆਂ ਕੰਧਾਂ 'ਤੇ ਸਫੇਦੀ ਕਰ ਕੇ ਲਿਖੀਆਂ ਗੁਰਬਾਣੀ ਦੀਆਂ ਤੁਕਾਂ ਮਿਟਾ ਦਿੱਤੀਆਂ ਗਈਆਂ। ਲਾਹੌਰ ਦੀ ਸਿੱਖ ਸੰਗਤ ਮੰਗਲਵਾਰ ਨੂੰ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਗੁਰਦੁਆਰਾ ਸਾਹਿਬ ਵਿਚ ਇਕੱਠੀ ਹੋਈ ਸੀ। ਸੰਗਤ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਗੁਰਦੁਆਰਾ ਸਾਹਿਬ ਦੀਆਂ ਕੰਧਾਂ 'ਤੇ ਜਿੱਥੇ-ਜਿੱਥੇ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੋਈਆਂ ਸਨ ਉਨ੍ਹਾਂ ਨੂੰ ਮਿਟਾ ਕੇ ਕੁਰਾਨ ਦੀਆਂ ਆਇਤਾਂ ਲਿਖ ਦਿੱਤੀਆਂ ਗਈਆਂ ਹਨ। 

ਭਾਰੀ ਮੀਂਹ ਕਾਰਨ ਗੁਰਦੁਆਰਾ ਸਾਹਿਬ ਕੰਪਲੈਕਸ ਵਿਚ ਪਾਣੀ ਖੜ੍ਹਾ ਸੀ। ਸੰਗਤ ਵਿਚ ਸ਼ਾਮਲ ਇਕ ਸਿੱਖ ਨੌਜਵਾਨ ਨੇ ਮੀਂਹ ਵਿਚ ਹੀ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ। ਇਸ ਮੌਕੇ ਸੰਗਤ ਨੂੰ ਸੰਬੋਧਿਤ ਕਰਦਿਆਂ ਪੀ.ਐੱਸ.ਜੀ.ਪੀ.ਸੀ. ਦੇ ਸਾਬਕਾ ਜਨਰਲ ਸਕੱਤਰ ਗੋਪਾਲ ਚਾਵਲਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਮੁਹੰਮਦ ਬੁਜ਼ਦਾਰ ਨੂੰ ਅਪੀਲ ਕੀਤੀ,''ਗੁਰਦੁਆਰਾ ਸਾਹਿਬ ਵਿਚ ਲਿਖੀਆਂ ਹੋਈਆਂ ਗੁਰਬਾਣੀ ਦੀਆਂ ਜਿਹੜੀਆਂ ਤੁਕਾਂ ਨੂੰ ਮਿਟਾਇਆ ਗਿਆ ਹੈ ਉਨ੍ਹਾਂ ਨੂੰ ਦੁਬਾਰਾ ਲਿਖਿਆ ਜਾਵੇ। ਬੇਸ਼ੱਕ ਸਿੱਖਾਂ ਨੂੰ ਕੁਰਾਨ ਦੀਆਂ ਆਇਤਾਂ ਲਿਖਣ ਵਿਚ ਕੋਈ ਇਤਰਾਜ਼ ਨਹੀਂ ਹੈ।''

ਇੱਥੇ ਦੱਸ ਦਈਏ ਕਿ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਉਹ ਸ਼ਹੀਦੀ ਸਥਾਨ ਹੈ ਜਿੱਥੇ ਧਰਮ ਦੀ ਖਾਤਿਰ ਭਾਈ ਤਾਰੂ ਸਿੰਘ ਨੇ ਸ਼ਹੀਦੀ ਪਾਈ ਸੀ। ਜਿਹੜੇ ਸਥਾਨ 'ਤੇ ਸ਼ਹੀਦ ਭਾਈ ਤਾਰੂ ਸਿੰਘ ਨੇ ਸ਼ਹਾਦਤ ਦਿੱਤੀ ਸੀ ਉੱਥੇ ਸ੍ਰੀ ਗੁਰੂ ਗੰ੍ਰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ। ਇੱਥੇ ਕੁਝ ਸ਼ਰਾਰਤੀ ਤੱਤਾਂ ਨੇ ਗੁਰਦੁਆਰਾ ਸਾਹਿਬ ਵਿਚ ਸੁਸ਼ੋਭਿਤ ਨਿਸ਼ਾਨ ਸਾਹਿਬ ਨੂੰ ਹੇਠੋਂ ਦੀ ਫਾੜਨ ਦੀ ਕੋਸ਼ਿਸ਼ ਕੀਤੀ ਸੀ। ਇਸ ਲਈ ਸੰਗਤ ਨੇ ਨਿਸ਼ਾਨ ਸਾਹਿਬ ਨੂੰ ਬਦਲ ਦਿੱਤਾ ਹੈ। ਗੋਪਾਲ ਚਾਵਲਾ ਵੱਲੋਂ ਜਾਰੀ ਵੀਡੀਓ ਵਿਚ ਗੁਰਦੁਆਰਾ ਸਾਹਿਬ ਦੀਆਂ ਉਨ੍ਹਾਂ ਕੰਧਾਂ ਨੂੰ ਦਿਖਾਇਆ ਗਿਆ ਹੈ ਜਿੱਥੇ ਗੁਰਬਾਣੀ ਦੀਆਂ ਤੁਕਾਂ ਮਿਟਾ ਕੇ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ।

Vandana

This news is Content Editor Vandana