ਪਾਕਿ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ''ਚ ਵੀ ਟਿਕ-ਟਾਕ ਵੀਡੀਓ ਬਣਾਉਣ ''ਤੇ ਪਾਬੰਦੀ

02/20/2020 12:33:04 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਨੇ ਵੀ ਕਰਤਾਰਪੁਰ ਸਾਹਿਬ ਵਿਚ ਟਿਕ-ਟਾਕ ਵੀਡੀਓ ਬਣਾਉਣ ਅਤੇ ਸ਼ੂਟਿੰਗ 'ਤੇ ਪਾਬੰਦੀ ਲਗਾ ਦਿੱਤੀ ਹੈ।ਕਮੇਟੀ ਨੇ ਇਹ ਕਦਮ ਭਾਰਤ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਟਿਕ-ਟਾਕ 'ਤੇ ਪਾਬੰਦੀ ਲਗਾਉਣ ਦੇ ਫੈਸਲੇ ਤਹਿਤ ਚੁੱਕਿਆ ਹੈ। ਭਾਰਤ ਸਮੇਤ ਕਈ ਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਟਿਕ-ਟਾਕ 'ਤੇ ਲਗਾਈ ਪਾਬੰਦੀ ਦੀ ਜਾਣਕਾਰੀ ਦੇਣ ਲਈ ਗੁਰਦੁਆਰਾ ਸਾਹਿਬ ਕੰਪਲੈਕਸ ਦੇ ਕਈ ਸਥਾਨਾਂ 'ਤੇ ਹੋਰਡਿੰਗ ਲਗਾਏ ਗਏ ਹਨ। ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਵਿਚ ਲਗਾਏ ਗਏ ਹੋਰਡਿੰਗ 'ਤੇ ਲਿਖਿਆ ਹੈ ਕਿ ਟਿਕ-ਟਾਕ ਬਣਾਉਣਾ ਸਖਤ ਮਨਾ ਹੈ। ਹੋਰਡਿੰਗ ਦੇ ਉੱਪਰ ਬਣਾਏ ਗਏ ਟਿਕ-ਟਾਕ ਚਿੰਨ੍ਹ 'ਤੇ ਕਰਾਸ ਦਾ ਨਿਸ਼ਾਨ ਬਣਾਇਆ ਗਿਆ ਹੈ।

ਬੀਤੇ ਕੁਝ ਦਿਨ ਪਹਿਲਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਪਵਿੱਤਰ ਪਰਿਕਰਮਾ ਵਿਚ ਇਕ ਨੌਜਵਾਨ ਨੇ ਸਾਈਕਲਿੰਗ ਕੀਤੀ ਸੀ ਜਿਸ ਦਾ ਡੀ.ਐੱਸ.ਜੀ.ਪੀ.ਸੀ. ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਮੇਤ ਕਈ ਸਿੱਖ ਪਤਵੰਤਿਆਂ ਨੇ ਵਿਰੋਧ ਕੀਤਾ ਸੀ।ਜਾਣਕਾਰੀ ਦੇ ਮੁਤਾਬਕ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਮੱਥਾ ਟੇਕਣ ਲਈ ਆਉਣ ਵਾਲੀ ਸੰਗਤ ਵੀਡੀਓਗ੍ਰਾਫੀ ਦੇ ਨਾਲ-ਨਾਲ ਟਿਕ-ਟਾਕ ਬਣਾਉਣ ਵਿਚ ਹੀ ਸਰਗਰਮ ਹੋ ਗਈ ਸੀ। ਇਸ ਕਾਰਨ ਗੁਰਦੁਆਰੇ ਦੀ ਮਰਿਯਾਦਾ ਦਾ ਘਾਣ ਹੋ ਰਿਹਾ ਸੀ। 

ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਗਏ ਕਈ ਸ਼ਰਧਾਲੂਆਂ ਨੇ ਇੱਥੋਂ ਦੇ ਮੁੱਖ ਗ੍ਰੰਥੀ ਗੋਬਿੰਦ ਸਿੰਘ ਨੂੰ ਇਸ ਸਬੰਧੀ ਸ਼ਿਕਾਇਤ ਵੀ ਕੀਤੀ ਸੀ। ਗੋਬਿੰਦ ਸਿੰਘ ਨੇ ਮਾਮਲਾ ਸਤਵੰਤ ਸਿੰਘ ਦੇ ਸਾਹਮਣੇ ਰੱਖਿਆ, ਇਸ ਦੇ ਬਾਅਦ ਹੀ ਇਹ ਫੈਸਲਾ ਲਿਆ ਗਿਆ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਉਸ ਸਮੇਂ ਲਿਆ ਜਦੋਂ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਇਕ ਹਫਤੇ ਦੇ ਪਾਕਿਸਤਾਨ ਦੌਰੇ 'ਤੇ ਹਨ। ਇਸ ਦੌਰੇ ਦੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਵੀ ਮੱਥਾ ਟੇਕਣ ਜਾਣਗੇ। ਇਸ ਦੌਰਾਨ ਪੀ.ਐੱਸ.ਜੀ.ਪੀ.ਸੀ. ਦੇ ਪ੍ਰਧਾਨ ਸਤਵੰਤ ਸਿੰਘ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਟਿਕ-ਟਾਕ 'ਤੇ ਲਗਾਈ ਪਾਬੰਦੀ ਦੇ ਬਾਰੇ ਵਿਚ ਜਾਣਕਾਰੀ ਦੇਣਗੇ।


Vandana

Content Editor

Related News