ਇਮਰਾਨ ਖਾਨ ਦਾ ਖੁਲਾਸਾ, ਖੁਫੀਆ ਏਜੰਸੀ ISI ਲੱਭ ਰਹੀ ਕੋਰੋਨਾ ਸ਼ੱਕੀ

04/24/2020 4:58:31 PM

ਇਸਲਾਮਾਬਾਦ- ਗਲੋਬਲ ਮਹਾਮਾਰੀ ਬਣ ਚੁੱਕੀ ਕੋਰੋਨਾ ਦੀ ਬੀਮਾਰੀ ਕਾਰਣ 200 ਤੋਂ ਵਧੇਰੇ ਦੇਸ਼ ਪ੍ਰਭਾਵਿਤ ਹਨ। ਪਾਕਿਸਤਾਨ ਵਿਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ 11,000 ਦੇ ਪਾਰ ਪਹੁੰਚ ਗਈ ਹੈ। ਕੋਰੋਨਾ ਪੀੜਤਾਂ ਦੀ ਪਛਾਣ ਦੇ ਲਈ ਦੁਨੀਆ ਜਿਥੇ ਰੈਪਿਡ ਟੈਸਟ ਜਿਹੇ ਸਾਧਨਾਂ ਦੀ ਵਰਤੋਂ ਕਰ ਰਹੀ ਹੈ, ਉਥੇ ਹੀ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਤਲਾਸ਼ ਦੇ ਲਈ ਖੁਫੀਆ ਏਜੰਸੀ ਇੰਟਰ ਸਰਵਿਸ ਇੰਟੈਲੀਜੈਂਸ (ਆਈ.ਐਸ.ਆਈ.) ਦੀ ਵਰਤੋਂ ਹੋ ਰਹੀ ਹੈ।

ਇਹ ਜਾਣਕਾਰੀ ਖੁਦ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ। ਕੋਰੋਨਾ ਨਾਲ ਲੜਨ ਦੇ ਲਈ ਪੈਸੇ ਇਕੱਠੇ ਕਰਨ ਲਈ ਆਯੋਜਿਤ ਤਿੰਨ ਘੰਟੇ ਦੇ ਟੈਲੀਥਾਨ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਹ ਖੁਲਾਸਾ ਕੀਤਾ। ਉਹਨਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦਾ ਪਤਾ ਲਾਉਣ ਲਈ ਸਰਕਾਰ ਆਈ.ਐਸ.ਆਈ. ਪ੍ਰਣਾਲੀ ਦੀ ਵਰਤੋਂ ਕਰ ਰਹੀ ਹੈ, ਜਿਸ ਨੂੰ ਅੱਤਵਾਦੀਆਂ ਦਾ ਪਤਾ ਲਾਉਣ ਲਈ ਬਣਾਇਆ ਗਿਆ ਸੀ।

ਕਈ ਲੋਕਲ ਚੈਨਲਾਂ 'ਤੇ ਲਾਈਵ ਅਹਿਸਾਸ ਨਾਂ ਦੀ ਟੈਲੀਥਾਨ ਨੂੰ ਸੰਬੋਧਿਤ ਕਰਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ਇਸ ਬੀਮਾਰੀ ਦੇ ਖਿਲਾਫ ਲੜਨ ਦੇ ਲਈ ਲਾਕਡਾਊਨ ਕੋਈ ਬਦਲ ਨਹੀਂ ਹੈ। ਪਤਾ ਲਾਉਣ ਤੇ ਪ੍ਰੀਖਣ ਕਰਨ ਨੂੰ ਹੀ ਮੁੜ ਕਾਰੋਬਾਰ ਨੂੰ ਪਟੜੀ 'ਤੇ ਲਿਆਉਣ ਦਾ ਰਸਤਾ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਪੂਰਨ ਲਾਕਡਾਊਨ ਨੂੰ ਦੇਸ਼ ਦੀ ਸੰਘਰਸ਼ਸ਼ੀਲ ਅਰਥਵਿਵਸਥਾ ਬਰਦਾਸ਼ਤ ਨਹੀਂ ਕਰ ਪਾਵੇਗੀ। ਇਮਰਾਨ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਤੇ ਲੋਕਾਂ ਦੀ ਸੁਰੱਖਿਆ ਦੇ ਵਿਚਾਲੇ ਸੰਤੁਲਨ ਨੂੰ ਜ਼ਰੂਰੀ ਦੱਸਦੇ ਹੋਏ ਕਿਹਾ ਕਿ ਇਸ ਸਬੰਧ ਵਿਚ ਜੋ ਵੀ ਫੈਸਲਾ ਹੋਵੇਗਾ, ਉਹ ਸਾਰੇ ਪਾਕਿਸਤਾਨੀਆਂ ਦੇ ਲਈ ਹੋਵੇਗਾ। ਉਹਨਾਂ ਕਿਹਾ ਕਿ ਸਰਕਾਰ ਸਮਾਰਟ ਲਾਕਡਾਊਨ ਦੇ ਵਿਕਲਪ 'ਤੇ ਵਿਚਾਰ ਕਰ ਰਹੀ ਹੈ।

Baljit Singh

This news is Content Editor Baljit Singh