ਜਾਧਵ ਮਾਮਲੇ ''ਤੇ ਪਾਕਿ ਵਿਦੇਸ਼ ਮੰਤਰਾਲੇ ਦਾ ਬਿਆਨ, ਕਿਹਾ-ਭਾਰਤ ਨਾਲ ਨਹੀਂ ਹੋਈ ਕੋਈ ਡੀਲ

11/14/2019 6:03:55 PM

ਇਸਲਾਮਾਬਾਦ— ਕੁਲਭੂਸ਼ਣ ਜਾਧਵ ਮਾਮਲੇ ਨੂੰ ਲੈ ਕੇ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕੁਲਭੂਸ਼ਣ ਜਾਧਵ ਨੂੰ ਲੈ ਕੇ ਭਾਰਤ ਸਰਕਾਰ ਦੇ ਨਾਲ ਕੋਈ ਡੀਲ ਨਹੀਂ ਹੋਈ ਹੈ। ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਸਾਲ 2016 ਤੋਂ ਪਾਕਿਸਤਾਨ ਦੀ ਜੇਲ 'ਚ ਬੰਦ ਹੈ।

ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਕੁਲਭੂਸ਼ਣ ਜਾਧਵ ਮਾਮਲੇ 'ਚ ਆਈ.ਸੀ.ਜੇ. ਦੇ ਫੈਸਲੇ ਦਾ ਸਨਮਾਨ ਕਰਦੇ ਹੋਏ ਪਾਕਿਸਤਾਨੀ ਕਾਨੂੰਨ ਦੇ ਹਿਸਾਬ ਨਾਲ ਹੀ ਕੋਈ ਫੈਸਲਾ ਲਿਆ ਜਾਵੇਗਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪਾਕਿਸਤਾਨੀ ਮੀਡੀਆ 'ਚ ਇਹ ਖਬਰ ਆਈ ਸੀ ਕਿ ਕੁਲਭੂਸ਼ਣ ਜਾਧਵ ਨੂੰ ਸਿਵਲ ਕੋਰਟ 'ਚ ਅਪੀਲ ਦਾਇਰ ਕਰਨ ਦਾ ਅਧਿਕਾਰ ਦੇਣ ਲਈ ਪਾਕਿਸਤਾਨ ਆਪਣੇ ਆਰਮੀ ਐਕਟ 'ਚ ਸੋਧ ਕਰੇਗਾ। ਹਾਲਾਂਕਿ ਦੇਰ ਸ਼ਾਮ ਪਾਕਸਤਾਨੀ ਫੌਜ ਦੇ ਬੁਲਾਰੇ ਨੇ ਇਹ ਸਾਫ ਕਰ ਦਿੱਤਾ ਕਿ ਕੁਲਭੂਸ਼ਣ ਜਾਧਵ ਨੂੰ ਕਾਨੂੰਨੀ ਰਾਹਤ ਦੇਣ ਸਬੰਧੀ ਸੂਚਨਾ ਗਲਤ ਹੈ।

ਦੱਸ ਦਈਏ ਕਿ ਆਈ.ਸੀ.ਜੇ. ਦੇ ਫੈਸਲੇ ਤੋਂ ਬਾਅਦ ਸਤੰਬਰ 'ਚ ਕੁਲਭੂਸ਼ਣ ਨੂੰ ਪਾਕਿਸਤਾਨ ਨੇ ਪਹਿਲੀ ਵਾਰ ਕੌਂਸਲਰ ਅਕਸੈਸ ਦਿੱਤਾ ਸੀ। ਇਸ ਦੌਰਾਨ ਭਾਰਤ ਦੇ ਡਿਪਟੀ ਕਮਿਸ਼ਨਰ ਗੌਰਵ ਆਲੂਵਾਲੀਆਂ ਤੇ ਕੁਲਭੂਸ਼ਣ ਦੇ ਵਿਚਾਲੇ 2 ਘੰਟੇ ਗੱਲਬਾਤ ਚੱਲੀ। ਆਈ.ਸੀ.ਜੇ. ਨੇ ਜੁਲਾਈ 2019 'ਚ ਪਾਕਿਸਤਾਨ ਵਲੋਂ ਜਾਧਵ ਨੂੰ ਦਿੱਤੀ ਗਈ ਫਾਂਸੀ ਦੀ ਸਜ਼ਾ 'ਤੇ ਰੋਕ ਲਗਾ ਦਿੱਤਾ ਸੀ। ਆਈ.ਸੀ.ਜੇ. ਦੇ ਫੈਸਲੇ ਦੇ ਮੁਤਾਬਕ ਪਾਕਿਸਤਾਨ ਸਰਕਾਰ ਨੂੰ ਕੁਲਭੂਸ਼ਣ ਜਾਧਵ ਖਿਲਾਫ ਵਿਆਨਾ ਸਮਝੌਤੇ ਦੇ ਮੁਤਾਬਕ ਕਾਨੂੰਨੀ ਪ੍ਰਕਿਰਿਆ ਚਲਾਉਣੀ ਹੈ।

Baljit Singh

This news is Content Editor Baljit Singh