ਪਾਕਿ: ਮਹਿੰਗਾਈ ਨੇ ਤੋੜਿਆ ਜਨਤਾ ਦਾ ਲੱਕ, 60 ਰੁਪਏ ''ਚ ਵਿਕ ਰਿਹੈ ਪਰਾਂਠਾ

01/22/2020 1:43:41 PM

ਲਾਹੌਰ/ਪੇਸ਼ਾਵਰ- ਪਾਕਿਸਤਾਨ ਵਿਚ ਭੋਜਨ ਸੰਕਟ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਪੱਤਰਕਾਰ ਏਜੰਸੀ ਏ.ਐਨ.ਆਈ. ਦੀ ਰਿਪੋਰਟ ਮੁਤਾਬਕ ਆਟੇ ਦੀ ਕੀਮਤ ਵਧ ਕੇ 75 ਰੁਪਏ ਕਿਲੋ ਹੋ ਗਈ ਹੈ। 'ਦ ਐਕਸਪ੍ਰੈੱਸ ਟ੍ਰਿਬਿਊਨ' ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੂਰੇ ਖੈਬਰ ਪਖਤੂਨਖਵਾ ਵਿਚ ਤੰਦੂਰ ਵਾਲਿਆਂ ਦੀ ਹੜਤਾਲ ਮੰਗਲਵਾਰ ਨੂੰ ਵੀ ਜਾਰੀ ਰਹੀ। ਇਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਮਾਹੌਲ ਇਹ ਹੈ ਕਿ ਕੁਝ ਤੰਦੂਰ ਦੀਆਂ ਦੁਕਾਨਾਂ 'ਤੇ ਪਰਾਂਠੇ ਦੀ ਕੀਮਤ 60 ਰੁਪਏ ਪ੍ਰਤੀ ਪਰਾਂਠਾ ਤੋਂ ਵਧੇਰੇ ਹੋ ਗਈ ਹੈ।

1100 ਰੁਪਏ ਵਿਚ ਵਿਕ ਰਹੀ ਹੈ ਆਟੇ ਦੀ ਥੈਲੀ
ਪੱਤਰਕਾਰ ਏਜੰਸੀ ਏ.ਐਨ.ਆਈ. ਨੇ ਦੁਨੀਆ ਨਿਊਜ਼ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਵਿਚ ਹਾਲਾਤ ਬੇਹੱਦ ਖਰਾਬ ਹੋ ਗਏ ਹਨ ਤੇ ਲੋਕਾਂ ਨੂੰ ਆਟੇ ਦੇ ਲਈ ਲੰਬੀਆਂ ਕਤਾਰਾਂ ਵਿਚ ਦੇਖਿਆ ਜਾ ਰਿਹਾ ਹੈ। ਮਾਹੌਲ ਇਹ ਹੈ ਕਿ 20 ਕਿਲੋ ਆਟੇ ਦੀ ਥੈਲੀ 1100 ਰੁਪਏ ਵਿਚ ਮਿਲ ਰਹੀ ਹੈ ਜਦਕਿ 85 ਕਿਲੋ ਦੀ ਆਟੇ ਦੀ ਬੋਰੀ 5,200 ਰੁਪਏ ਵਿਚ ਮਿਲ ਰਹੀ ਹੈ। ਪਾਕਿਸਤਾਨ ਦੇ ਲਾਹੌਰ, ਫੈਸਲਾਬਾਦ, ਮੁਲਤਾਨ ਤੇ ਗੁਜਰਾਂਵਾਲਾ ਵਿਚ ਆਟਾ 70 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।

ਪਾਕਿਸਤਾਨੀ ਅਖਬਾਰ ਡਾਨ ਦੀ ਰਿਪੋਰਟ ਮੁਤਾਬਕ ਦੇਸ਼ ਵਿਚ ਜਾਰੀ ਭੋਜਨ ਸੰਕਟ ਦੇ ਲਈ ਵਿਰੋਧੀ ਦਲ ਸਰਕਾਰ ਨੂੰ ਜ਼ਿੰਮੇਦਾਰ ਠਹਿਰਾ ਰਿਹਾ ਹੈ। ਉਥੇ ਹੀ ਇਮਰਾਨ ਖਾਨ ਦੇ ਮੰਤਰੀਆਂ ਦੀ ਬਿਆਨਬਾਜ਼ੀ ਸਰਕਾਰ 'ਤੇ ਸਵਾਲਾਂ ਦੀ ਧਾਰ ਨੂੰ ਹੋਰ ਤੇਜ਼ ਕਰ ਰਹੀ ਹੈ। ਰੇਲ ਮੰਤਰੀ ਸ਼ੇਖ ਰਸ਼ੀਦ ਦੇ ਬਿਆਨ ਨਾਲ ਸਰਕਾਰ ਦੀ ਵਧੇਰੇ ਕਿਰਕਿਰੀ ਹੋ ਰਹੀ ਹੈ। ਸ਼ਨੀਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਸ਼ੇਖ ਰਸ਼ੀਦ ਨੂੰ ਜਦੋਂ ਕਣਕ ਦੀ ਕਿੱਲਤ 'ਤੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਨਵੰਬਰ ਤੇ ਦਸੰਬਰ ਮਹੀਨੇ ਵਿਚ ਲੋਕਾਂ ਦੀ ਖੁਰਾਕ ਵਿਚ ਵਾਧਾ ਹੋ ਗਿਆ, ਜਿਸ ਕਰਕੇ ਲੋਕਾਂ ਨੇ ਆਮ ਮਹੀਨਿਆਂ ਦੀ ਤੁਲਨਾ ਵਿਚ ਵਧੇਰੇ ਰੋਟੀਆਂ ਖਾਦੀਆਂ। ਸ਼ੇਖ ਰਾਸ਼ਿਦ ਇਥੇ ਹੀ ਚੁੱਪ ਨਹੀਂ ਕੀਤੇ ਬਲਕਿ ਉਹਨਾਂ ਨੇ ਇਹ ਤੱਕ ਕਹਿ ਦਿੱਤਾ ਕਿ ਉਹਨਾਂ ਨੇ ਇਹ ਦਾਅਵਾ ਇਕ ਅਧਿਐਨ ਦੇ ਆਧਾਰ 'ਤੇ ਕੀਤਾ ਹੈ।

ਪਾਕਿਸਤਾਨ ਦੀ ਸੰਸਦ ਵਿਚ ਸੋਮਵਾਰ ਨੂੰ ਵਿਰੋਧੀ ਸੰਸਦ ਮੈਂਬਰਾਂ ਨੇ ਸ਼ੇਖ ਰਾਸ਼ਿਦ ਦੇ ਬਿਆਨ ਦੀ ਜਮ ਕੇ ਨਿੰਦਾ ਕੀਤੀ। ਜਮਾਤ-ਏ-ਇਸਲਾਮੀ ਦੇ ਸੰਸਦ ਮੈਂਬਰ ਸਿਰਾਜੁਲ ਹੱਕ ਤੇ ਹੋਰ ਸੰਸਦ ਮੈਂਬਰਾਂ ਨੇ ਕਿਹਾ ਕਿ ਅੱਜ ਦੁਨੀਆ ਸਾਡਾ ਮਜ਼ਾਕ ਉਡਾ ਰਹੀ ਹੈ। ਇਕ ਪਾਸੇ ਜਿਥੇ ਲੋਕ ਚੰਦ 'ਤੇ ਜਾ ਰਹੇ ਹਨ ਪਾਕਿਸਤਾਨ ਦੇ ਲੋਕਾਂ ਨੂੰ ਆਟੇ ਤੇ ਕਣਕ ਲਈ ਲਾਈਨਾਂ ਵਿਚ ਲੱਗਣਾ ਪੈ ਰਿਹਾ ਹੈ ਜਦਕਿ ਪਾਕਿਸਤਾਨ ਦੁਨੀਆ ਦਾ 8ਵਾਂ ਕਣਕ ਉਤਪਾਦਕ ਦੇਸ਼ ਹੈ।

ਇਸ ਲਈ ਪੈਦਾ ਹੋਇਆ ਸੰਕਟ
ਰਿਪੋਰਟਾਂ ਵਿਚ ਕਣਕ ਸੰਕਟ ਦੇ ਲਈ ਲੋੜੀਂਦੀ ਫਸਲ ਨਾ ਹੋਣ, ਟ੍ਰਾਂਸਪੋਰਟਸ ਦੀ ਹੜਤਾਲ ਤੇ ਖਰਾਬ ਮੌਸਮ ਦੇ ਕਾਰਨ ਸਪਲਾਈ ਪ੍ਰਭਾਵਿਤ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਫਗਾਨਿਸਤਾਨ ਦੇ ਨਾਲ ਲੱਗਦੀ ਖੁੱਲੀ ਸਰਹੱਦ ਨਾਲ ਕਣਕ ਦੀ ਤਸਕਰੀ ਹੋਈ, ਜਿਸ ਨਾਲ ਆਟੇ ਤੇ ਕਣਕ ਦੀ ਕਿੱਲਤ ਹੋ ਗਈ। ਸਰਕਾਰ ਇਸ ਸੰਕਟ ਨੂੰ ਪਹਿਲਾਂ ਮਹਿਸੂਸ ਨਹੀਂ ਕਰ ਸਕੀ, ਜਿਸ ਨਾਲ ਲੋਕਾਂ ਸਾਹਮਣੇ ਭੋਜਨ ਦੀ ਸਮੱਸਿਆ ਪੈਦਾ ਹੋ ਗਈ। ਉਥੇ ਹੀ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਨੂੰ 40 ਹਜ਼ਾਰ ਟਨ ਕਣਕ ਵੇਚਣ ਨਾਲ ਇਹ ਸਮੱਸਿਆ ਵਧੀ ਹੈ।

ਪਾਕਿਸਤਾਨ ਵਿਚ ਆਟਾ ਹੀ ਨਹੀਂ ਖੰਡ ਦੀ ਕੀਮਤ ਵੀ ਆਸਮਾਨ 'ਤੇ ਪਹੁੰਚ ਗਈ ਹੈ। ਖੁਦਰਾ ਬਾਜ਼ਾਰ ਵਿਚ ਖੰਡ ਦੀ ਕੀਮਤ 85 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ ਜਦਕਿ ਥੋਕ ਰੇਟ 77 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਿਆ ਹੈ। ਕਰਾਚੀ ਵਿਚ ਖੰਡ ਦੀ ਕੀਮਤ 78 ਰੁਪਏ ਪ੍ਰਤੀ ਕਿਲੋ ਵਿਚ ਵਿਕ ਰਹੀ ਹੈ। ਪਾਕਿਸਤਾਨ ਸ਼ੁਗਰ ਮਿਲ ਐਸੋਸੀਏਸ਼ਨ ਸਿੰਧ ਦੇ ਪ੍ਰਧਾਨ ਤਾਰਾ ਚੰਦ ਨੇ ਦੱਸਿਆ ਕਿ ਇਸ ਸਾਲ ਦੇਸ਼ ਵਿਚ ਗੰਨੇ ਦਾ ਉਤਪਾਦਨ 15 ਫੀਸਦੀ ਡਿਗਿਆ ਹੈ। ਹਾਲਾਂਕਿ ਸਰਕਾਰ ਨੇ ਖੰਡ ਦੀਆਂ ਕੀਮਤਾਂ 'ਤੇ ਕੰਟਰੋਲ ਕਰਨ ਲਈ ਹੁਕਮਨਾਮਾ ਜਾਰੀ ਕੀਤਾ ਹੈ।


Baljit Singh

Content Editor

Related News