ਪਾਕਿਸਤਾਨ ਨੇ ਭਾਰਤ ਦੇ ਲਈ ਅਫਗਾਨ ਵਪਾਰ ਰਸਤਾ ਖੋਲ੍ਹਣ ਦੀ ਰਿਪੋਰਟ ਕੀਤੀ ਖਾਰਿਜ

09/17/2018 7:24:30 PM

ਇਸਲਾਮਾਬਾਦ— ਪਾਕਿਸਤਾਨ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਖਾਰਿਜ ਕੀਤਾ ਹੈ, ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਉਸ ਨੇ ਆਪਣੀ ਧਰਤੀ ਤੋਂ ਲੰਘਣ ਵਾਲੇ ਭਾਰਤ-ਅਫਗਾਨ ਵਪਾਰ ਰਸਤੇ ਨੂੰ ਬਹਾਲ ਕਰਨ ਦੀ ਗੱਲ 'ਤੇ ਕਿਸੇ ਤਰ੍ਹਾਂ ਦੀ ਸਹਿਮਤੀ ਜਤਾਈ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਕ ਭਾਰਤੀ ਅਖਬਾਰ 'ਚ ਪ੍ਰਕਾਸ਼ਿਤ ਰਿਪੋਰਟਾਂ ਨੂੰ ਖਾਰਿਜ ਕਰ ਦਿੱਤਾ ਹੈ, ਜਿਸ 'ਚ ਅਫਗਾਨਿਸਤਾਨ 'ਚ ਅਮਰੀਕੀ ਰਾਜਦੂਤ ਜਾਨ ਬਾਸ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਕੁਝ ਮਹੀਨੇ ਪਹਿਲਾਂ ਪਾਕਿਸਤਾਨ ਨੇ ਅਫਗਾਨਿਸਤਾਨ ਨਾਲ ਸੰਪਰਕ ਕੀਤਾ ਸੀ ਤੇ ਆਪਣੀ ਧਰਤੀ ਤੋਂ ਹੋ ਕੇ ਲੰਘਣ ਵਾਲੇ ਅਫਗਾਨਿਸਤਾਨ ਤੇ ਭਾਰਤ ਵਿਚਾਲੇ ਵਪਾਰ ਰਸਤੇ ਨੂੰ ਬਹਾਲ ਕਰਨ ਦੀ ਇੱਛਾ ਜਤਾਈ ਸੀ।

ਪਾਕਿਸਤਾਨੀ 'ਐਕਸਪ੍ਰੈੱਸ ਟ੍ਰਿਬਿਊਨ' ਦੀ ਇਕ ਰਿਪੋਰਟ ਮੁਤਾਬਕ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ, ਅਫਗਾਨਿਸਤਾਨ ਨਾਲ ਵਪਾਰ 'ਚ ਭਾਰਤ ਨੂੰ ਆਪਣੀ ਧਰਤੀ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਦਿੰਦਾ। ਅਜਿਹੇ ਵਪਾਰ ਨਾਲ ਜੁੜੇ ਤਕਨੀਕੀ ਤੇ ਰਣਨੀਤਿਕ ਮੁੱਦੇ ਪਹਿਲਾਂ ਹੱਲ ਕੀਤੇ ਜਾਣੇ ਚਾਹੀਦੇ ਹਨ। ਇਕ ਭਾਰਤੀ ਅਖਬਾਰ ਮੁਤਾਬਕ ਬਾਸ ਨੇ ਕਿਹਾ ਸੀ ਕਿ ਕੁਝ ਮਹੀਨੇ ਪਹਿਲਾਂ ਪਾਕਿਸਤਾਨ ਸਰਕਾਰ ਨੇ ਪਹਿਲੀ ਵਾਰ ਪਾਕਿਸਤਾਨ ਤੋਂ ਲੰਘਣ ਵਾਲੇ ਭਾਰਤ ਤੇ ਅਫਗਾਨਿਸਤਾਨ ਵਿਚਲੇ ਵਪਾਰ ਦੇ ਮਾਪਦੰਡਾਂ 'ਤੇ ਆਪਣੇ ਅਫਗਾਨ ਹਮਰੁਤਬਾ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਇੱਛਾ ਜਤਾਈ। ਰਿਪੋਰਟਾਂ ਮੁਤਾਬਕ ਅਮਰੀਕੀ ਡਿਪਲੋਮੈਟ ਨੇ ਕਿਹਾ ਸੀ ਕਿ ਅਫਗਾਨਿਸਤਾਨ 'ਚ ਕੋਈ ਵੀ ਸਿਆਸੀ ਹੱਲ ਪਾਕਿਸਤਾਨ ਦੇ ਲੰਬੇ ਸਮੇਂ ਦੇ ਹਿੱਤਾਂ 'ਚ ਹੈ।