ਪਾਕਿ ਦੇ ਇਸ ਸ਼ਹਿਰ ''ਚ ਡੇਂਗੂ ਦਾ ਕਹਿਰ, ਕਰੀਬ 1,500 ਮਾਮਲੇ ਆਏ ਸਾਹਮਣੇ

09/16/2019 11:48:38 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ਵਿਚ ਡੇਂਗੂ ਕਹਿਰ ਬਰਸਾ ਰਿਹਾ ਹੈ। ਇਸ ਸਾਲ ਹੁਣ ਤੱਕ ਸ਼ਹਿਰ ਵਿਚ 1,462 ਤੋਂ ਵੱਧ ਨਾਗਰਿਕਾਂ ਵਿਚ ਡੇਂਗੂ ਬੁਖਾਰ ਦਾ ਸਕਰਾਤਮਕ ਪਰੀਖਣ ਕੀਤਾ ਗਿਆ। ਇਸ ਬੁਖਾਰ ਦੇ ਫੈਲਣ 'ਤੇ ਰੋਕ ਲਗਾਉਣ ਲਈ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਐਤਵਾਰ ਨੂੰ ਮੀਡੀਆ ਨਾਲ ਗੱਲ ਕਰਦਿਆਂ ਜ਼ਿਲਾ ਸਿਹਤ ਅਧਿਕਾਰੀ (ਡੀ.ਐੱਚ.ਓ.) ਜੀਸ਼ਾਨ ਨੇ ਦੱਸਿਆ ਕਿ ਵਰਤਮਾਨ ਵਿਚ ਹਸਪਤਾਲਾਂ ਵਿਚ 485 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ 334 ਦਾ ਡੇਂਗੂ ਪਰੀਖਣ ਪੌਜੀਟਿਵ ਪਾਇਆ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਸਤੰਬਰ ਵਿਚ ਇਹ ਬੀਮਾਰੀ ਹੋਰ ਤੇਜ਼ੀ ਨਾਲ ਫੈਲਦੀ ਹੈ। ਇਸ ਲਈ ਸਾਰੇ ਵਿਭਾਗਾਂ ਨੂੰ ਸਾਵਧਾਨ ਕਰ ਦਿੱਤਾ ਗਿਆ ਹੈ। ਰਾਵਲਪਿੰਡੀ ਇਸ ਮਾਮਲੇ ਵਿਚ ਸਭ ਤੋਂ ਸੰਵੇਦਨਸ਼ੀਲ ਖੇਤਰ ਹੈ। ਉਨ੍ਹਾਂ ਨੇ ਦੱਸਿਆ ਕਿ ਨਿਗਰਾਨੀ ਦਾ ਵਿਸਥਾਰ ਉਨ੍ਹਾਂ ਖੇਤਰਾਂ ਵਿਚ ਕੀਤਾ ਗਿਆ ਹੈ ਜਿੱਥੇ ਡੇਂਗੂ ਨਾਲ ਪੀੜਤ ਮਰੀਜ਼ਾਂ ਦੀਆਂ ਰਿਪੋਰਟਾਂ ਆ ਰਹੀਆਂ ਹਨ। ਇਸ ਦੇ ਇਲਾਵਾ ਉੱਥੇ ਐਂਟੀ ਡੇਂਗੂ ਸਪ੍ਰੇ ਵੀ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ(ਏ.ਡੀ.ਸੀ.) ਸਾਇਮਾ ਯੂਨਾਸ ਨੇ ਡੇਂਗੂ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧੇ ਦੇ ਬਾਅਦ ਰਾਵਲਪਿੰਡੀ ਕੂੜਾ ਪ੍ਰਬੰਧਨ ਕੰਪਨੀ ਦੇ ਅਧਿਕਾਰੀਆਂ ਨੂੰ ਜ਼ਿਲੇ ਦੇ ਪੇਂਡੂ ਇਲਾਕਿਆਂ ਵਿਚ ਕੂੜੇ ਦੀ ਸਫਾਈ ਯਕੀਨੀ ਕਰਨ ਦੇ ਨਿਰੇਦਸ਼ ਦਿੱਤੇ ਹਨ।

Vandana

This news is Content Editor Vandana