ਪਾਕਿ ਨੇ ਜ਼ਬਤ ਕੀਤੀ ਅਫਗਾਨ ਤਾਲਿਬਾਨ ਮੁਖੀ ਦੀ ਜਾਇਦਾਦ, ਹੋਵੇਗੀ ਨੀਲਾਮੀ

05/08/2020 7:51:38 PM

ਇਸਲਾਮਾਬਾਦ- ਪਾਕਿਸਤਾਨ ਦੀ ਅੱਤਵਾਦ ਰੋਕੂ ਕੋਰਟ ਨੇ ਅਫਗਾਨਿਸਤਾਨ ਤਾਲਿਬਾਨ ਦੇ ਪ੍ਰਮੁੱਖ ਮੁੱਲਾ ਅਖਤਰ ਮੰਸੂਰ ਦੀ 3.2 ਕਰੋੜ ਰੁਪਏ ਤੋਂ ਵਧੇਰੇ ਦੀ ਜਾਇਦਾਦ ਜ਼ਬਤ ਕਰ ਲਈ ਹੈ। ਜ਼ਬਤ ਕੀਤੀ ਜਾਇਦਾਦ ਦੀ ਨੀਲਾਮੀ ਕੀਤੀ ਜਾਵੇਗੀ। ਡਾਨ ਅਖਬਾਰ ਮੁਤਾਬਕ ਮੰਸੂਰ ਨੇ ਫਰਜ਼ੀ ਪਛਾਣ ਪੱਤਰ ਦੀ ਮਦਦ ਨਾਲ ਕਰਾਚੀ ਵਿਚ ਇਹ ਜਾਇਦਾਦ ਖਰੀਦੀ ਸੀ। ਇਸ ਵਿਚ ਕਈ ਘਰ ਤੇ ਪਲਾਟ ਸ਼ਾਮਲ ਹਨ। ਅੱਤਵਾਦੀ ਮੰਸੂਰ 21 ਮਈ, 2016 ਨੂੰ ਪਾਕਿਸਤਾਨ-ਈਰਾਨ ਸਰਹੱਦ 'ਤੇ ਡਰੋਨ ਹਮਲੇ ਵਿਚ ਮਾਰਿਆ ਗਿਆ ਸੀ।

ਮੁੱਲਾ ਮੰਸੂਰ ਦੀ ਮੌਤ ਡਰੋਨ ਹਮਲੇ ਵਿਚ 21 ਮਈ, 2016 ਨੂੰ ਪਾਕਿਸਤਾਨ-ਈਰਾਨ ਸਰਹੱਦ 'ਤੇ ਹੋ ਗਈ ਸੀ। ਉਸ ਨੇ ਪੰਜ ਜਾਇਦਾਦਾਂ ਖਰੀਦੀਆਂ ਸਨ, ਜਿਸ ਵਿਚ ਪਲਾਟ ਤੇ ਕਰਾਚੀ ਵਿਚ ਉਸ ਦਾ ਘਰ ਸ਼ਾਮਲ ਹੈ। ਮੰਸੂਰ ਨੇ ਜੁਲਾਈ 2015 ਵਿਚ ਤਾਲਿਬਾਨ ਦੀ ਕਮਾਨ ਸੰਭਾਲੀ ਸੀ। ਉਸ ਨੇ ਤਾਲਿਬਾਨ ਦੇ ਸੰਸਥਾਪਕ ਤੇ ਮੁਖੀ ਮੁੱਲਾ ਮੁਹੰਮਦ ਉਮਰ ਦੀ ਥਾਂ ਲਈ ਸੀ, ਜਿਸ ਦੀ 2013 ਵਿਚ ਮੌਤ ਹੋ ਗਈ ਸੀ। ਪਾਕਿਸਤਾਨ ਦੀ ਫੈਡਰਲ ਜਾਂਚ ਏਜੰਸੀ ਨੇ ਅੱਤਵਾਦ ਰੋਕੂ ਕਾਨੂੰਨ ਦੇ ਤਹਿਤ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਸੂਤਰਾਂ ਮੁਤਾਬਕ ਪਿਛਲੇ ਸਾਲ ਜੁਲਾਈ ਵਿਚ ਜਦੋਂ ਐਫ.ਆਈ.ਏ. ਨੇ ਅੱਤਵਾਦ ਰੋਕੂ ਅਦਾਲਤ (ਏਟੀਸੀ) ਨੂੰ ਸੌਂਪੀ ਆਪਣੀ ਰਿਪੋਰਟ ਵਿਚ ਮੰਸੂਰ ਦੀ ਇਸ ਜਾਇਦਾਦ ਦਾ ਜ਼ਿਕਰ ਕੀਤਾ ਸੀ।

ਫੈਡਰਲ ਜਾਂਚ ਏਜੰਸੀ ਮੰਸੂਰ ਤੇ ਉਸ ਦੇ ਗੁਰਗੇ ਵਲੋਂ ਧਨ ਇਕੱਠਾ ਕਰਨ ਨਾਲ ਜੁੜੇ ਮਾਮਲੇ ਦੀ ਜਾਂਚ ਕਰ ਰਹੀ ਸੀ। ਇਸ ਸਾਲ ਜਨਵਰੀ ਵਿਚ ਅਦਾਲਤ ਨੇ ਜਾਂਚ ਅਧਿਕਾਰੀ ਨੂੰ ਹੁਕਮ ਦਿੱਤਾ ਸੀ ਕਿ ਉਹ ਮੰਸੂਰ ਦੀ ਜਾਇਦਾਦ ਦੀ ਕੁਰਕੀ ਦੀ ਪ੍ਰਕਿਰਿਆ ਪੂਰੀ ਕਰੇ ਤੇ ਉਸ ਦੇ ਦੋ ਫਰਾਰ ਸਾਥੀਆਂ ਅਖਤਰ ਮੁਹੰਮਦ ਤੇ ਅਮਾਰ ਨੂੰ ਫੜਨ ਦੀ ਦਿਸ਼ਾ ਵਿਚ ਕੰਮ ਕਰੇ। ਅਦਾਲਤ ਨੇ 24 ਅਪ੍ਰੈਲ ਨੂੰ ਮੁੱਲਾ ਮੰਸੂਰ ਦੀ ਜਾਇਦਾਦ ਕਬਜ਼ੇ ਵਿਚ ਲੈਣ ਦਾ ਹੁਕਮ ਦਿੱਤਾ ਸੀ।

Baljit Singh

This news is Content Editor Baljit Singh