ਜ਼ੈਨਬ ਕਤਲ ਮਾਮਲਾ : ਦੋਸ਼ੀ ਨੂੰ ਜਨਤਕ ਰੂਪ ਨਾਲ ਫਾਂਸੀ ਦੇਣ ਦੀ ਅਪੀਲ ਖਾਰਿਜ

10/16/2018 8:56:07 PM

ਲਾਹੌਰ— ਪਾਕਿਸਤਾਨ 'ਚ ਕਈ ਕਤਲ ਕਰ ਚੁੱਕੇ ਇਕ ਵਿਅਕਤੀ ਨੂੰ ਬੁੱਧਵਾਰ ਨੂੰ ਇਕ ਜੇਲ ਦੇ ਅੰਦਰ ਫਾਂਸੀ ਦਿੱਤੀ ਜਾਵੇਗੀ ਕਿਉਂਕਿ ਦੇਸ਼ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ 7 ਸਾਲਾ ਬੱਚੀ ਦੇ ਪਿਤਾ ਵੱਲੋਂ ਦਰਜ ਕੀਤੀ ਗਈ ਅਰਜੀ ਨੂੰ ਖਾਰਿਜ ਕਰ ਦਿੱਤਾ, ਜਿਸ 'ਚ ਦੋਸ਼ੀ ਨੂੰ ਜਨਤਕ ਰੂਪ ਨਾਲ ਫਾਂਸੀ ਦੇਣ ਦੀ ਅਪੀਲ ਕੀਤੀ ਗਈ ਸੀ। ਦੋਸ਼ੀ ਨੇ ਉਕਤ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਸੀ। ਜੱਜ ਸਰਦਾਰ ਸ਼ਮੀਮ ਅਹਿਮਦ ਤੇ ਜੱਜ ਸ਼ਹਿਬਾਜ਼ ਰਿਜਵੀ ਵਾਲੀ ਲਾਹੌਰ ਹਾਈ ਕੋਰਟ ਦੀ ਦੋ ਮੈਂਬਰੀ ਬੈਂਚ ਨੇ ਪਿਤਾ ਅਮੀਨ ਅੰਸਾਰੀ ਦੀ ਅਰਜ਼ੀ ਨੂੰ ਖਾਰਿਜ ਕਰ ਦਿੱਤਾ, ਜਿਸ 'ਚ ਉਨ੍ਹਾਂ ਨੇ ਦੋਸ਼ੀ ਇਮਰਾਨ ਅਲੀ ਨੂੰ ਜਨਤਕ ਰੂਪ ਨਾਲ ਫਾਂਸੀ ਦੇਣ ਦੀ ਅਪੀਲ ਕੀਤੀ ਸੀ।
ਪਿਛਲੀ ਜਨਵਰੀ 'ਚ ਪੁਲਸ ਨੇ ਇਮਰਾਨ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰ ਹੋਣ ਦੇ ਦੋ ਹਫਤੇ ਪਹਿਲਾਂ ਉਸ ਨੇ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਸੀ ਤੇ ਉਸ ਦੀ ਲਾਸ਼ ਲਾਹੌਰ ਤੋਂ ਕਰੀਬ 50 ਕਿਲੋਮੀਟਰ ਦੂਰ ਕਸੂਰ 'ਚ ਸੁੱਟ ਦਿੱਤਾ ਸੀ। ਘਟਨਾ ਨੂੰ ਲੈ ਕੇ ਪੂਰੇ ਪਾਕਿਸਤਾਨ 'ਚ ਵਿਰੋਧ ਪ੍ਰਦਰਸਨ ਹੋਏ ਸਨ ਤੇ ਲੋਕਾਂ ਨੇ 23 ਸਾਲਾ ਦੋਸ਼ੀ ਨੂੰ ਸਖਤ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਸੀ। ਬੱਚੀ ਦੇ ਕਤਲ ਤੋਂ ਬਾਅਦ ਕਸੂਰ ਸ਼ਹਿਰ 'ਚ ਹੋਏ ਹਿੰਸਕ ਪ੍ਰਦਰਸ਼ਨਾਂ 'ਚ 2 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਇਥੇ ਦੀ ਇਕ ਅੱਤਵਾਦ ਰੋਕੂ ਅਦਾਲਤ ਨੇ ਪਿਛਲੇ ਹਫਤੇ ਫੈਸਲਾ ਦਿੱਤਾ ਕਿ ਇਮਰਾਨ ਨੂੰ ਫਾਂਸੀ 17 ਅਕਤੂਬਰ ਨੂੰ ਲਾਹੌਰ ਦੇ ਕੇਂਦਰੀ ਜੇਲ 'ਚ ਦਿੱਤੀ ਜਾਵੇਗੀ। ਕਸੂਰ ਨਿਵਾਸੀ ਇਮਰਾਨ 'ਤੇ ਨਾਬਾਲਿਕਾਂ ਨਾਲ ਬਲਾਤਕਾਰ ਤੇ ਕਤਲ ਦੇ ਕਰੀਬ 9 ਮਾਮਲਿਆਂ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਅਦਾਲਤ ਨੇ ਪੰਜ ਮਾਮਲਿਆਂ 'ਚ ਫੈਸਲਾ ਸੁਣਾਇਆ ਹੈ।