ਪਾਕਿ ਨੇ ਵਿਦੇਸ਼ 'ਚ ਫਸੇ ਨਾਗਰਿਕਾਂ ਨੂੰ ਕੱਢਣ ਲਈ ਸੀਮਤ ਕੌਮਾਂਤਰੀ ਉਡਾਣ ਸੇਵਾ ਕੀਤੀ ਸ਼ੁਰੂ

06/22/2020 5:42:31 PM

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਨੇ ਵਿਦੇਸ਼ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਕੌਮਾਂਤਰੀ ਉਡਾਣ ਸੇਵਾ ਸੀਮਤ ਰੂਪ ਨਾਲ ਸ਼ੁਰੂ ਕਰ ਦਿੱਤੀ ਹੈ। ਉਸ ਦੇ ਨਾਗਰਿਕ ਕੋਵਿਡ-19 ਦੇ ਮੱਦੇਨਜ਼ਰ ਲਾਗੂ ਕੀਤੀ ਤਾਲਾਬੰਦੀ ਕਾਰਨ ਹੋਰ ਦੇਸ਼ਾਂ ਵਿਚ ਫਸ ਹੋਏ ਹਨ।

ਪਾਕਿਸਤਾਨ ਨੇ ਮੁਲਕ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 21 ਮਾਰਚ ਨੂੰ ਕੌਮਾਂਤਰੀ ਉਡਾਣ ਸੰਚਾਲਨ ਨੂੰ ਮੁਲਤਵੀ ਕਰ ਦਿੱਤਾ ਸੀ। ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਦੀ ਖ਼ਬਰ ਮੁਤਾਬਕ ਸਰਕਾਰ ਨੇ ਦੇਸ਼ ਦੇ ਹਵਾਈ ਖੇਤਰ ਦੇ 25 ਫ਼ੀਸਦੀ ਹਿੱਸੇ ਨੂੰ ਖੋਲ੍ਹ ਦਿੱਤਾ ਹੈ ਤਾਂ ਕਿ ਵਿਦੇਸ਼ ਵਿਚ ਫਸੇ ਉਸ ਦੇ ਨਾਗਰਿਕ ਵਤਨ ਪਰਤ ਸਕਣ। ਖ਼ਬਰ ਵਿਚ ਕਿਹਾ ਗਿਆ ਹੈ ਕਿ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਵਿਦੇਸ਼ੀ ਪਾਕਿਸਤਾਨੀ ਅਤੇ ਮਨੁੱਖੀ ਸਰੋਤ ਵਿਕਾਸ 'ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਜੁਲਫੀਕਾਰ ਅੱਬਾਸ ਬੁਖਾਰੀ ਨੇ ਕਿਹਾ ਕਿ ਹਵਾਈ ਖੇਤਰ ਨੂੰ ਅੰਸ਼ਕ ਰੂਪ ਨਾਲ ਖੋਲ੍ਹਣ ਦਾ ਫੈਸਲਾ ਇਸ ਲਈ ਕੀਤਾ ਗਿਆ ਹੈ, ਕਿਉਂਕਿ ਸਰਕਾਰ ਵਿਦੇਸ਼ ਵਿਚ, ਖਾਸ ਕਰਕੇ ਖਾੜੀ ਵਿਚ ਵੱਡੀ ਗਿਣਤੀ ਵਿਚ ਫਸੇ ਪਾਕਿਸਤਾਨੀ ਮਜ਼ਦੂਰਾਂ ਨੂੰ ਲੈ ਕੇ ਫਿਕਰਮੰਦ ਹੈ। ਸੰਘੀ ਸਰਕਾਰ ਨੇ ਬੁੱਧਵਾਰ ਨੂੰ ਨਵੀਂ ਨੀਤੀ ਦਾ ਐਲਾਨ ਕੀਤਾ ਸੀ, ਜਿਸ ਤਹਿਤ 20 ਜੂਨ ਦੇ ਬਾਅਦ ਹਵਾਈ ਖੇਤਰ ਦੇ 25 ਫੀਸਦੀ ਹਿੱਸੇ ਨੂੰ ਖੋਲ੍ਹਣ ਦੇ ਫੈਸਲੇ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ ਸੀ। ਨੀਤੀ ਦੇ ਤਹਿਤ ਹਰ ਹਫ਼ਤੇ 40 ਤੋਂ 50 ਹਜ਼ਾਰ ਪਾਕਿਸਤਾਨੀ ਵਤਨ ਪਰਤਣਗੇ ਅਤੇ ਫਸੇ ਹੋਏ ਸਾਰੇ ਨਾਗਰਿਕ ਇਕ ਮਹੀਨੇ ਵਿਚ ਘਰ ਹੋਣਗੇ। ਸਾਰੇ ਯਾਤਰੀਆਂ ਨੂੰ 14 ਦਿਨ ਤੱਕ ਘਰ ਵਿਚ ਇਕਾਂਤਵਾਸ ਵਿਚ ਰਹਿਣਾ ਹੋਵੇਗਾ ਅਤੇ ਉਨ੍ਹਾਂ ਨੂੰ ਇਹ ਹਵਾਈ ਅੱਡੇ 'ਤੇ ਲਿਖਤੀ ਵਿਚ ਦੇਣਾ ਹੋਵੇਗਾ।


cherry

Content Editor

Related News