ਪੀ.ਟੀ.ਆਈ. ਉਮੀਦਵਾਰ ਬੁਜ਼ਦਾਰ ਪੰਜਾਬ ਸੂਬੇ ਦੇ ਮੁੱਖ ਮੰਤਰੀ ਚੁਣੇ ਗਏ

08/19/2018 3:49:22 PM

ਲਾਹੌਰ (ਭਾਸ਼ਾ)— ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ  (ਪੀ.ਟੀ.ਆਈ.) ਦੇ ਉਮੀਦਵਾਰ ਉਸਮਾਨ ਬੁਜ਼ਦਾਰ ਨੂੰ ਐਤਵਾਰ ਨੂੰ ਪਾਕਿਸਤਾਨ ਦੀ ਸਭ ਤੋਂ ਸੰਘਣੀ ਵਸੋਂ ਵਾਲੇ ਪੰਜਾਬ ਸੂਬੇ ਦਾ ਮੁੱਖ ਮੰਤਰੀ ਚੁਣਿਆ ਗਿਆ। ਬੁਜ਼ਦਾਰ ਨੂੰ 186 ਵੋਟਾਂ ਹਾਸਲ ਹੋਈਆਂ ਜਦਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਤੋਂ ਉਸ ਦੇ ਵਿਰੋਧੀ ਹਮਜ਼ਾ ਸ਼ਾਹਬਾਜ਼ ਨੂੰ ਚੋਣਾਂ ਵਿਚ 159 ਵੋਟ ਹਾਸਲ ਹੋਏ। ਸੂਬੇ ਵਿਚ ਨਵੀਂ ਸਰਕਾਰ ਦੇ ਗਠਨ ਲਈ ਸਦਨ ਦੇ 371 ਮੈਂਬਰਾਂ ਵਿਚੋਂ ਕਿਸੇ ਪਾਰਟੀ ਕੋਲ 186 ਮੈਂਬਰਾਂ ਦਾ ਸਮਰਥਨ ਜ਼ਰੂਰੀ ਹੈ। ਪੀ.ਐੱਮ.ਐੱਲ.-ਐੱਨ. ਪ੍ਰਮੁੱਖ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਬੇਟੇ ਹਮਜ਼ਾ ਸ਼ਾਹਬਾਜ ਨੇ ਪੀ.ਟੀ.ਆਈ. ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਅਨੈਤਿਕ ਤਰੀਕੇ ਨਾਲ ਸੱਤਾ ਵਿਚ ਆਏ ਹਨ।