ਪਾਕਿ ਫੌਜ ਕਰ ਰਹੀ ਹੈ ਧਾਰਮਿਕ ਕੱਟੜਪੰਥੀਆਂ ਦਾ ਸਮਰਥਨ : ਅਮਰੀਕੀ ਸੰਸਦ ਮੈਂਬਰ

07/18/2018 1:33:11 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਸੰਸਦ ਮੈਂਬਰ ਡਾਨਾ ਰੋਹਰਾਬੇਕਰ ਨੇ ਮੁਹਾਜਿਰ ਭਾਈਚਾਰੇ ਦੇ ਲੋਕਾਂ ਦੇ ਅਧਿਕਾਰਾਂ ਲਈ ਆਵਾਜ਼ ਚੁੱਕਦੇ ਹੋਏ ਕਿਹਾ ਕਿ ਪਾਕਿਸਤਾਨ ਦੀ ਸ਼ਕਤੀਸ਼ਾਲੀ ਫੌਜ ਦੇਸ਼ ਵਿਚ ਧਾਰਮਿਕ ਕੱਟੜਪੰਥੀਆਂ ਦਾ ਸਮਰਥਨ ਕਰ ਰਹੀ ਹੈ। ਇੱਥੇ ਦੱਸ ਦਈਏ ਕਿ 'ਮੁਹਾਜਿਰ' ਸ਼ਬਦ ਦੀ ਵਰਤੋਂ ਉਨ੍ਹਾਂ ਉਰਦੂ ਭਾਸ਼ੀ ਪ੍ਰਵਾਸੀਆਂ ਲਈ ਕੀਤੀ ਜਾਂਦੀ ਹੈ, ਜੋ ਸਾਲ 1947 ਦੀ ਵੰਡ ਸਮੇਂ ਭਾਰਤ ਛੱਡ ਕੇ ਪਾਕਿਸਤਾਨ ਚਲੇ ਗਏ ਸਨ। ਵੱਡੀ ਗਿਣਤੀ ਵਿਚ ਇਹ ਲੋਕ ਸਿੰਧ ਸੂਬੇ ਵਿਚ ਰਹਿੰਦੇ ਹਨ। 'ਮੁਤਾਹਿਦਾ ਕੌਮੀ ਮੂਵਮੈਂਟ' ਵੱਲੋਂ ਆਯੋਜਿਤ 'ਮੁਹਾਜਿਰ ਡੇਅ ਆਨ ਦੀ ਕੈਪੀਟਲ ਹਿੱਲ' ਸੰਮੇਲਨ ਵਿਚ ਸ਼ਿਰਕਤ ਕਰਨ ਪਹੁੰਚੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਸੰਸਦ ਮੈਂਬਰ ਰੋਹਰਾਬੇਕਰ ਨੇ ਦੋਸ਼ ਲਗਾਇਆ ਕਿ ਪਾਕਿਸਤਾਨੀ ਫੌਜ ਦੇ ਭ੍ਰਿਸ਼ਟ ਅਧਿਕਾਰੀ ਕਰਾਚੀ ਵਿਚ ਮੁਹਾਜਿਰ ਭਾਈਚਾਰੇ ਦੇ ਲੋਕਾਂ ਦੇ ਕਤਲੇਆਮ ਵਿਚ ਸ਼ਾਮਲ ਹਨ। 
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਕਰੀਬੀ ਸਾਥੀ ਰਹੇ ਰੋਹਰਾਬੇਕਰ ਨੇ ਕਿਹਾ,''ਉਹ ਖੁੱਲ੍ਹੇ ਤੌਰ 'ਤੇ ਧਾਰਮਿਕ ਕੱਟੜਪੰਥੀਆਂ ਦਾ ਸਮਰਥਨ ਕਰ ਰਹੇ ਹਨ। ਇਹ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ।'' ਕੈਲੀਫੋਰਨੀਆ ਤੋਂ ਸੰਸਦ ਮੈਂਬਰ ਰਹੇ ਰੋਹਰਾਬੇਕਰ ਦੇ ਪਾਕਿਸਤਾਨ ਨਾਲ ਪਹਿਲਾਂ ਚੰਗੇ ਰਿਸ਼ਤੇ ਸਨ ਪਰ   ਅੱਤਵਾਦੀਆਂ ਨੂੰ ਸੁਰੱਖਿਅਤ ਆਸਰਾ ਦੇਣ ਕਾਰਨ ਹੁਣ ਉਹ ਪਾਕਿਸਤਾਨ ਦੇ ਸਭ ਤੋਂ ਵੱਡੇ ਆਲੋਚਕਾਂ ਵਿਚੋਂ ਇਕ ਹਨ।