ਕੋਵਿਡ-19 : ਪਾਕਿ ਰਾਸ਼ਟਰਪਤੀ ਦਾ ਆਦੇਸ਼-''ਰਮਜ਼ਾਨ ''ਚ ਖੁੱਲ੍ਹੀਆਂ ਰਹਿਣਗੀਆਂ ਮਸਜਿਦਾਂ''

04/19/2020 6:00:50 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਦੇ ਵਿਚ ਰਾਸ਼ਟਰਪਤੀ ਆਰਿਫ ਅਲਵੀ ਨੇ ਇਕ ਵੱਡਾ ਐਲਾਨ ਕੀਤਾ। ਐਲਾਨ ਮੁਤਾਬਕ ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ ਪਾਕਿਸਤਾਨ ਦੀਆਂ ਸਾਰੀਆਂ ਮਸਜਿਦਾਂ ਖੁੱਲ੍ਹੀਆਂ ਰਹਿਣਗੀਆਂ। ਅਗਲੇ ਹਫਤੇ ਤੋਂ ਸ਼ੁਰੂ ਹੋ ਰਹੇ ਰਮਜ਼ਾਨ ਦੇ ਦੌਰਾਨ ਸ਼ੁੱਕਰਵਾਰ ਦੀ ਨਮਾਜ਼ ਸਮੇਤ ਹੋਰ ਪ੍ਰਾਰਥਨਾਵਾਂ ਮਸਜਿਦਾਂ ਵਿਚ ਹੀ ਆਯੋਜਿਤ ਹੋਣਗੀਆਂ। 

ਪਾਕਿਸਤਾਨ ਦੇ ਸਿਆਸੀ ਨੇਤਾ ਇਕ ਵਾਰ ਫਿਰ ਮੌਲਵੀਆਂ ਅੱਗੇ ਗੋਡੇ ਟੇਕਦੇ ਹੋਏ ਨਜ਼ਰ ਆ ਰਹੇ ਹਨ। ਪਾਕਿਸਤਾਨ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਵੱਧਦੇ ਮਾਮਲਿਆਂ ਦੇ ਵਿਚ ਰਾਸ਼ਟਰਪਤੀ ਅਲਵੀ ਨੇ ਪਵਿੱਤਰ ਮਹੀਨੇ ਵਿਚ ਮਸਜਿਦ ਵਿਚ ਸਭਾਵਾਂ ਦੇ ਆਯੋਜਨ ਦੇ ਮੁੱਦੇ 'ਤੇ ਮੌਲਵੀਆਂ ਦੇ ਨਾਲ ਵੀਡੀਓ ਕਾਨਫਰੰਸ ਦੇ ਜ਼ਰੀਏ ਚਰਚਾ ਦੇ ਤੁਰੰਤ ਬਾਅਦ ਇਹ ਐਲਾਨ ਕੀਤਾ। ਇਸ ਤੋਂ ਇਕ ਦਿਨ ਪਹਿਲਾਂ ਹੀ ਅਲਵੀ ਨੇ ਜਮਾਤ-ਏ-ਇਸਲਾਮੀ ਦੇ ਪ੍ਰਮੁੱਖ ਸੈਨੇਟਰ ਸਿਰਾਜੁਲ ਹੱਕ ਅਤੇ ਜਮੀਅਤ ਉਲੇਮਾ-ਏ-ਇਸਲਾਮ ਫਜ਼ਲ ਨੇਤਾ ਮੌਲਾਨਾ ਫਜ਼ਲੁਰ ਰਹਿਮਾਨ ਸਮੇਤ ਧਾਰਮਿਕ ਅਤੇ ਸਿਆਸੀ ਆਗੂਆਂ ਦੇ ਨਾਲ ਇਸ ਵਿਸ਼ੇ 'ਤੇ ਚਰਚਾ ਕੀਤੀ ਸੀ।

ਪੜ੍ਹੋ ਇਹ ਅਹਿਮ ਖਬਰ- ਟਰੰਪ ਦੀ ਚੀਨ ਨੂੰ ਧਮਕੀ, ਜੇਕਰ ਨਿਕਲਿਆ ਕੋਰੋਨਾ ਫੈਲਾਉਣ ਦਾ ਜ਼ਿੰਮੇਵਾਰ ਤਾਂ ਭੁਗਤਣੇ ਪੈਣਗੇ ਅੰਜਾਮ

ਇੱਥੇ ਦੱਸ ਦਈਏ ਕਿ ਕੱਟੜਪੰਥੀ ਮੌਲਵੀਆਂ ਨੇ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਸਰਕਾਰ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਦਿਆਂ ਮਸਜਿਦਾਂ ਵਿਚ ਸਾਮੂਹਿਕ ਪ੍ਰਾਰਥਨਾਵਾਂ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਸਰਕਾਰ ਵਾਇਰਸ ਦੇ ਪ੍ਰਸਾਰ 'ਤੇ ਅੰਕੁਸ਼ ਲਗਾਉਣ ਲਈ 5 ਤੋਂ ਵੱਧ ਲੋਕਾਂ ਦੇ ਪ੍ਰਾਰਥਨਾ ਸਭਾਵਾਂ ਦੇ ਆਯੋਜਨ 'ਤੇ ਪਹਿਲਾਂ ਹੀ ਪਾਬੰਦੀ ਲਗਾ ਚੁੱਕੀ ਹੈ। ਅਲਵੀ ਨੇ ਮਸਜਿਦਾਂ ਵਿਚ ਤਰਾਵੀਹ (ਸ਼ਾਮ) ਅਤੇ ਸ਼ੁੱਕਰਵਾਰ ਦੀ ਨਮਾਜ਼ ਦੇ ਲਈ ਸ਼ਰਤ ਸਮੇਤ ਇਜਾਜ਼ਤ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਮੌਲਵੀਆਂ ਦੇ ਨਾਲ 20 ਦਿਸ਼ਾ ਨਿਰਦੇਸ਼ਾਂ 'ਤੇ ਸਹਿਮਤੀ ਬਣੀ ਹੈ ਜਿਸ ਵਿਚ ਸ਼ਰਧਾਲੂਆਂ ਦੇ ਵਿਚ 6 ਫੁੱਟ ਦੀ ਦੂਰੀ ਰੱਖਣ, ਕਾਲੀਨਾਂ ਨੂੰ ਹਟਾਉਣ, ਮਸਜਿਦਾਂ ਦੇ ਫਰਸ਼ ਰੋਗਾਣੂ ਰਹਿਤ ਕਰਨ ਅਤੇ ਅਧਿਕਾਰੀਆਂ ਦੇ ਨਾਲ ਸਹਿਯੋਗ ਕਰਨਾ ਸ਼ਾਮਲ ਹੈ। ਮਹਾਮਾਰੀ ਦੇ ਵਿਚ ਸਰਕਾਰ ਧਾਰਮਿਕ ਨੇਤਾਵਾਂ ਨੂੰ ਮਸਜਿਦਾਂ ਵਿਚ ਪ੍ਰਾਰਥਨਾ ਸਭਾ ਆਯੋਜਿਤ ਨਾ ਕਰਨ ਦੀ ਅਪੀਲ ਕਰ ਰਹੀ ਹੈ। ਬਾਵਜੂਦ ਇਸ ਦੇ ਲੋਕ ਖੁੱਲ੍ਹੇ ਤੌਰ 'ਤੇ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰ ਰਹੇ ਹਨ। ਦੇਸ਼ ਵਿਚ ਰਾਜਧਾਨੀ ਸਮੇਤ ਨੇੜਲੇ ਇਲਾਕੇ ਦੇ ਲੋਕ ਸੀਨੀਅਰ ਮੌਲਵੀਆਂ ਦੇ ਨਾਲ ਸ਼ੁੱਕਰਵਾਰ ਦੀ ਪ੍ਰਾਰਥਨਾ ਲਈ ਇਕੱਠੇ ਹੋਏ।

Vandana

This news is Content Editor Vandana