ਪਾਕਿਸਤਾਨ : ਦਿਲੀਪ ਕੁਮਾਰ ਤੇ ਰਾਜ ਕਪੂਰ ਦੇ ਜੱਦੀ ਘਰਾਂ ਦੀ ਵਿਕਰੀ 'ਤੇ ਲੱਗਾ ਗ੍ਰਹਿਣ

02/08/2021 11:38:24 AM

ਪੇਸ਼ਾਵਰ- ਬਾਲੀਵੁੱਡ ਦਿੱਗਜ ਅਭਿਨੇਤਾ ਦਿਲੀਪ ਕੁਮਾਰ ਤੇ ਰਾਜ ਕਪੂਰ ਦੇ ਪਾਕਿਸਤਾਨ ਸਥਿਤ ਪੁਸ਼ਤੈਨੀ ਘਰਾਂ ਦੇ ਮਾਲਕਾਂ ਅਤੇ ਖੈਬਰ ਪਖ਼ਤੂਨਵਾ ਸਰਕਾਰ ਵਿਚਕਾਰ ਇਨ੍ਹਾਂ ਦੋਹਾਂ ਇਤਿਹਾਸਕ ਸੰਪੱਤੀਆਂ ਨੂੰ ਅਜਾਇਬ ਘਰ ਵਿਚ ਬਦਲਣ ਲਈ ਖ਼ਰੀਦ ਲਈ ਤੈਅ ਸਰਕਾਰੀ ਮੁੱਲ ਨੂੰ ਲੈ ਕੇ ਆਪਸੀ ਸਹਿਮਤੀ ਨਹੀਂ ਬਣੀ। ਦਿਲੀਪ ਕੁਮਾਰ ਤੇ ਰਾਜ ਕਪੂਰ ਦੇ ਜੱਦੀ ਘਰਾਂ ਦੇ ਮਾਲਕਾਂ ਨੇ ਸਰਕਾਰੀ ਮੁੱਲਾਂ 'ਤੇ ਘਰ ਵੇਚਣ ਤੋਂ ਇਨਕਾਰ ਕਰ ਦਿੱਤਾ ਹੈ। 

ਦਿਲੀਪ ਕੁਮਾਰ ਦੇ ਪੇਸ਼ਾਵਰ ਸਥਿਤ ਬੁਲਾਰੇ ਫਾਰੂਕੀ ਨੇ ਇੱਥੇ ਐਤਵਾਰ ਨੂੰ ਮੀਡੀਆ ਕਰਮਚਾਰੀਆਂ ਨੂੰ ਦੱਸਿਆ ਕਿ ਦਿਲੀਪ ਕੁਮਾਰ ਦਾ ਜਨਮ 1922 ਵਿਚ ਪੇਸ਼ਾਵਰ ਵਿਚ ਹੋਇਆ ਸੀ ਤੇ ਉਹ 1935 ਵਿਚ ਭਾਰਤ ਆ ਗਏ ਸਨ। ਫਾਰੂਕੀ ਨੇ ਕਿਹਾ ਕਿ ਕੁਮਾਰ ਤੇ ਕਪੂਰ ਦੇ ਰਿਸ਼ਤੇਦਾਰ ਤੇ ਪ੍ਰਸ਼ੰਸਕ ਉਨ੍ਹਾਂ ਦੇ ਜੱਦੀ ਘਰਾਂ ਨੂੰ ਅਜਾਇਬ ਘਰ ਵਿਚ ਬਦਲਣ ਨੂੰ ਲੈ ਕੇ ਕਾਫੀ ਉਤਸਾਹਿਤ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ ਪੇਸ਼ਾਵਰ ਦਾ ਮਹੱਤਵ ਵਧੇਗਾ ਸਗੋਂ ਪਾਕਿਸਤਾਨ ਦਾ ਸੈਲਾਨੀ ਉਦਯੋਗ ਵੀ ਵਧੇਗਾ। 

ਇਸ ਮਹੀਨੇ ਸੂਬਾ ਸਰਕਾਰ ਨੇ ਪੇਸ਼ਾਵਰ ਵਿਚ ਸਥਿਤ ਦੋਹਾ ਘਰਾਂ ਨੂੰ ਖਰੀਦਣ ਲਈ 2.35 ਕਰੋੜ ਰੁਪਏ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਸੀ। ਦਿਲੀਪ ਕੁਮਾਰ ਦੇ ਚਾਰ ਮਰਲਾ ਦੇ ਘਰ ਦੀ ਕੀਮਤ 80.56 ਲੱਖ ਰੁਪਏ ਤੈਅ ਕੀਤੀ ਗਈ ਹੈ ਤੇ ਕਪੂਰ ਦੇ 6 ਮਰਲਾ ਘਰ ਦਾ ਮੁੱਲ ਡੇਢ ਕਰੋੜ ਨਿਰਧਾਰਤ ਕੀਤਾ ਗਿਆ ਹੈ। 

ਦੋਹਾਂ ਘਰਾਂ ਨੂੰ ਖਰੀਦਣ ਦੇ ਬਾਅਦ ਸੂਬਾਈ ਪੁਰਾਤੱਤਵ ਵਿਭਾਗ ਉਨ੍ਹਾਂ ਨੂੰ ਅਜਾਇਬ ਘਰ ਵਿਚ ਬਦਲ ਦੇਵੇਗਾ। ਹਾਲਾਂਕਿ, ਦੋਹਾਂ ਜਾਇਦਾਦਾਂ ਦੇ ਮਾਲਕਾਂ ਨੇ ਸਰਕਾਰ ਵਲੋਂ ਤੈਅ ਕੀਮਤ 'ਤੇ ਇਨ੍ਹਾਂ ਨੂੰ ਵੇਚਣ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਉਕਤ ਮਕਾਨ ਬਹੁਤ ਚੰਗੀ ਜਗ੍ਹਾ 'ਤੇ ਹਨ ਅਤੇ ਉਨ੍ਹਾਂ ਦਾ ਅਸਲ ਮੁੱਲ ਤੈਅ ਕੀਮਤ ਨਾਲੋਂ ਕਿਤੇ ਵੱਧ ਹੈ। ਦਿਲੀਪ ਕੁਮਾਰ ਦੇ ਪੁਸ਼ਤੈਨੀ ਮਕਾਨ ਦੇ ਮਾਲਕ ਨੇ 25 ਕਰੋੜ ਰੁਪਏ ਮੰਗੇ ਹਨ। ਉੱਥੇ ਹੀ, ਰਾਜ ਕਪੂਰ ਦੇ ਪੁਸ਼ਤੈਨੀ ਮਕਾਨ ਦੇ ਮਾਲਕ ਨੇ 200 ਕਰੋੜ ਰੁਪਏ ਦੀ ਮੰਗ ਕੀਤੀ ਹੈ। 
 

Lalita Mam

This news is Content Editor Lalita Mam