ਪਾਕਿ ''ਚ 15 ਸਾਲਾ ਹਿੰਦੂ ਕੁੜੀ ਨਾਲ ਜਬਰ-ਜਨਾਹ, ਮੁਸਲਿਮ ਬਣਾ ਦੋਸ਼ੀ ਨੇ ਕੀਤਾ ਵਿਆਹ

04/02/2020 5:55:24 PM

ਇਸਲਾਮਾਬਾਦ (ਬਿਊਰੋ): ਕੋਵਿਡ-19 ਮਹਾਮਾਰੀ ਨਾਲ ਜੂਝ ਰਹੇ ਪਾਕਿਸਤਾਨ ਵਿਚ ਹਿੰਦੂ ਕੁੜੀਆਂ ਦੇ ਅਗਵਾ ਹੋਣ ਅਤੇ ਉਹਨਾਂ ਨਾਲ ਬਲਾਤਕਾਰ ਕੀਤੇ ਜਾਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸੇ ਤਰ੍ਹਾਂ ਦੇ ਸਾਹਮਣੇ ਆਏ ਇਕ ਹੋਰ ਮਾਮਲੇ ਵਿਚ ਪਾਕਿਸਤਾਨ ਦੇ ਬਹਾਵਲਪੁਰ ਸ਼ਹਿਰ ਵਿਚ ਇਕ 15 ਸਾਲਾ ਹਿੰਦੂ ਕੁੜੀ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ ਗਿਆ।ਇਹੀ ਨਹੀਂ ਪੀੜਤਾ ਨੂੰ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾਇਆ ਗਿਆ ਅਤੇ ਉਸ ਦਾ ਵਿਆਹ ਬਲਾਤਕਾਰ ਕਰਨ ਵਾਲੇ ਮੁਨੀਰ ਅਹਿਮਦ ਦੇ ਨਾਲ ਹੀ ਕਰ ਦਿੱਤਾ ਗਿਆ। 

ਪਾਕਿਸਤਾਨ ਦੀ ਇਕ ਵੈਬਸਾਈਟ ਪਾਕਿਸਤਾਨ ਕ੍ਰਿਸ਼ਚੀਅਨ ਪੋਸਟ ਦੇ ਮੁਤਾਬਕ ਹਿੰਦੂ ਬੱਚੀ ਨੂੰ ਉਸ ਦੇ ਪਿੰਡ ਵਿਚ ਹੀ ਰਹਿਣ ਵਾਲੇ ਮੁਨੀਰ ਅਹਿਮਦ ਨੇ ਅਗਵਾ ਕੀਤਾ ਸੀ। 13 ਮਾਰਚ ਨੂੰ ਅਗਵਾ ਕੀਤੇ ਜਾਣ ਦੇ ਬਾਅਦ ਬੱਚੀ ਨੂੰ ਫੈਸਲਾਬਾਦ ਲਿਜਾਇਆ ਗਿਆ। ਬੱਚੀ ਦੇ ਨਾਲ ਬਲਾਤਕਾਰ ਕਰਨ ਦੇ ਬਾਅਦ ਉਸ ਨੂੰ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾਇਆ ਗਿਆ। ਇਸ ਦੇ ਬਾਅਦ ਮੁਨੀਰ ਨੇ  ਹਿੰਦੂ ਬੱਚੀ ਨਾਲ ਜ਼ਬਰਦਸਤੀ ਵਿਆਹ ਕਰ ਲਿਆ। 

ਉੱਧਰ ਬੱਚੀ ਦੀ ਮਾਂ ਨੂੰ ਹੁਣ ਇਹ ਡਰ ਸਤਾ ਰਿਹਾ ਹੈ ਕਿ ਮੁਨੀਰ ਉਹਨਾਂ ਨੂੰ ਅਤੇ ਉਸ ਦੀਆਂ 5 ਹੋਰ ਬੱਚੀਆਂ ਨੂੰ ਪਰੇਸ਼ਾਨ ਕਰ ਸਕਦਾ ਹੈ। ਜਾਣਕਾਰੀ ਮੁਤਾਬਕ ਬੱਚੀ ਦੇ ਪਿਤਾ ਦੀ ਕਾਫੀ ਪਹਿਲਾਂ ਮੌਤ ਹੋ ਚੁੱਕੀ ਹੈ। ਬੱਚੀ ਦੀ ਮਾਂ ਆਪਣੇ ਘਰ ਨੂੰ ਤਾਲਾ ਲਗਾ ਕੇ ਆਪਣੇ ਰਿਸ਼ਤੇਦਾਰ ਦੇ ਘਰ ਰਹਿਣ ਲਈ ਚਲੀ ਗਈ ਹੈ। ਬੱਚੀ ਦੀ ਮਾਂ ਨੇ ਕਿਹਾ,''ਅਸੀਂ ਮਜ਼ਦੂਰ ਹਾਂ ਅਤੇ ਪੂਰਾ ਦਿਨ ਖੇਤੀ ਕਰਦੇ ਹਾਂ ਉਦੋਂ ਜਾ ਕੇ ਸਾਡੇ 6 ਬੱਚਿਆਂ ਦਾ ਪੇਟ ਭਰਦਾ ਹੈ। ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ। ਸਾਡੇ ਲਈ ਹਰੇਕ ਦਿਨ ਸੰਘਰਸ਼ ਭਰਪੂਰ ਹੈ। ਮੈਂ ਇਕਦਮ ਟੁੱਟ ਚੁੱਕੀ ਹਾਂ ਅਤੇ ਪੂਰਾ ਦਿਨ ਰੋਂਦੀ ਰਹਿੰਦੀ ਹਾਂ। ਮੈਂ ਆਪਣੀ ਬੇਟੀ ਵਾਪਸ ਚਾਹੁੰਦੀ ਹਾਂ।''

4 ਲੱਖ ਲੈ ਕੇ ਵੀ ਵਾਪਿਸ ਨਹੀਂ ਕੀਤੀ ਬੱਚੀ 
ਬੱਚੀ ਦੀ ਮਾਂ ਨੇ ਕਿਹਾ,''ਮੈਂ ਆਪਣੀ ਬੱਚੀ ਨੂੰ ਬਹੁਤ ਯਾਦ ਕਰਦੀ ਹਾਂ। ਮੈਂ ਉਸ ਦੇ ਬਿਨਾਂ ਕੁਝ ਵੀ ਖਾ ਨਹੀਂ ਪਾ ਰਹੀ ਅਤੇ ਨਾ ਹੀ ਪਕਾ ਪਾ ਰਹੀ ਹਾਂ। ਅਜਿਹਾ ਲੱਗ ਰਿਹਾ ਹੈ ਕਿ ਸਾਡੇ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ ਹੋ ਗਈ ਹੈ। ਜਦੋਂ ਮੈਂ ਆਪਣੀ ਬੇਟੀ ਦੇ ਗਾਇਬ ਹੋਣ ਦੀ ਸੂਚਨਾ ਪਿੰਡ ਦੇ ਮੁਖੀ ਨੂੰ ਦਿੱਤੀ ਤਾਂ ਉਸ ਨੇ ਪੁਲਸ ਨੂੰ ਦੱਸਣ ਦੀ ਬਜਾਏ ਕਿਹਾ ਕਿ ਮੁਨੀਰ ਖਾਨ ਨੇ ਉਸ ਦੀ ਬੇਟੀ ਨੂੰ ਅਗਵਾ ਕਰ ਲਿਆ ਹੈ ਅਤੇ ਉਹ 4 ਲੱਖ ਰੁਪਏ ਫਿਰੌਤੀ ਮੰਗ ਰਿਹਾ ਹੈ।'' 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦੇ ਮਰੀਜ਼ਾਂ ਦਾ ਗੋਦਾਮ ਬਣ ਰਿਹਾ ਪਾਕਿਸਤਾਨ ਦੇ ਕਬਜ਼ੇ ਵਾਲਾ ‘ਕਸ਼ਮੀਰ’

ਆਰਥਿਕ ਤੰਗੀ ਦੀ ਸ਼ਿਕਾਰ ਮਾਂ ਪੈਸੇ ਇਕੱਠੇ ਨਹੀਂ ਕਰ ਪਾਈ ਤਾਂ ਉਹਨਾਂ ਦੇ ਭਤੀਜੇ ਨੇ ਹਿੰਦੂ ਭਾਈਚਾਰੇ ਤੋਂ ਪੈਸੇ ਇਕੱਠੇ ਕੀਤੇ। ਜਦੋਂ ਮੁਨੀਰ ਅਹਿਮਦ ਨੂੰ ਇਹ ਪੈਸਾ ਦਿੱਤਾ ਗਿਆ ਤਾਂ ਉਸ ਨੇ ਪੈਸੇ ਤਾਂ ਰੱਖ ਲਏ ਪਰ ਬੱਚੀ ਨੂੰ ਰਿਹਾਅ ਨਹੀਂ ਕੀਤਾ। ਗੌਰਤਲਬ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਕਿਸੇ ਵੀ ਘੱਟ ਗਿਣਤੀ ਭਾਈਚਾਰੇ ਦੇ ਮੈਂਬਰ ਦੇ ਨਾਲ ਜ਼ਬਰਦਸਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਮਰਾਨ ਦੇ ਇਸ ਦਾਅਵੇ ਦੇ ਬਾਅਦ ਵੀ ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ ਦੀਆਂ ਬੱਚੀਆਂ ਦੇ ਅਗਵਾ ਹੋਣ ਅਤੇ ਮੁਸਲਿਮ ਧਰਮ ਅਪਨਾਉਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।


Vandana

Content Editor

Related News