ਪਾਕਿ ''ਚ 14 ਸਾਲਾ ਹਿੰਦੂ ਕੁੜੀ ਅਗਵਾ, ਜ਼ਬਰੀ ਧਰਮ ਪਰਿਵਰਤਨ ਕਰ ਰਚਾਇਆ ਵਿਆਹ

04/22/2020 6:22:10 PM

ਇਸਲਾਮਾਬਾਦ (ਬਿਊਰੋ): ਇਕ ਪਾਸੇ ਜਿੱਥੇ ਦੁਨੀਆ ਕੋਰੋਨਾਵਾਇਰਸ ਦੇ ਕਹਿਰ ਨਾਲ ਜੂਝ ਰਹੀ ਹੈ ਉੱਥੇ ਦੂਜੇ ਪਾਸੇ ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ ਦੀਆਂ ਕੁੜੀਆਂ ਸੁਰੱਖਿਅਤ ਨਹੀਂ ਹਨ। ਇੱਥੇ ਸ਼ਾਇਦ ਹੀ ਹਿੰਦੂ ਅਤੇ ਸਿੱਖ ਭਾਈਚਾਰੇ ਦੀਆਂ ਕੁੜੀਆਂ ਦਾ ਜ਼ਬਰੀ ਧਰਮ ਪਰਿਵਰਤਨ ਅਤੇ ਫਿਰ ਵਿਆਹ ਕਰਾਉਣ ਦਾ ਸਿਲਸਿਲਾ ਰੁਕੇ। ਇੱਥੇ ਲਗਾਤਾਰ ਹਿੰਦੂ ਕੁੜੀਆਂ ਦਾ ਜ਼ਬਰੀ ਧਰਮ ਪਰਿਵਰਤਨ ਕਰ ਕੇ ਉਹਨਾਂ ਦਾ ਮੁਸਲਿਮ ਮੁੰਡੇ ਨਾਲ ਵਿਆਹ ਕਰਵਾਉਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ।ਤਾਜ਼ਾ ਮਾਮਲੇ ਵਿਚ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਇਕ ਹੋਰ ਹਿੰਦੂ ਕੁੜੀ ਦੇ ਧਰਮ ਪਰਿਵਰਤਨ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਪਾਕਿਸਤਾਨ ਦੀ ਇਕ ਸਮਾਚਾਰ ਏਜੰਸੀ 'ਨਯਾ ਦੌਰ' ਦੀ ਜਾਣਕਾਰੀ ਦੇ ਮੁਤਾਬਕ ਇਕ 14 ਸਾਲਾ ਹਿੰਦੂ ਕੁੜੀ ਨੂੰ ਅਗਵਾ ਕਰਕੇ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਜਿਸ ਦੇ ਬਾਅਦ ਕੁੜੀ ਦੀ ਮਰਜ਼ੀ ਦੇ ਵਿਰੁੱਧ 40 ਸਾਲਾ ਅਗਵਾਕਰਤਾ ਨੇ ਸਿੰਧ ਦੇ ਚੁੰਡਿਕੋ ਇਲਾਕੇ ਵਿਚ ਉਸ ਨਾਲ ਵਿਆਹ ਕਰ ਲਿਆ। 

 

ਪਾਕਿਸਤਾਨ ਵਿਚ ਅਜਿਹੀਆਂ ਘਟਨਾਵਾਂ ਸਧਾਰਨ ਹੋ ਗਈਆਂ ਹਨ। ਕੁਝ ਮਹੀਨੇ ਪਹਿਲਾਂ ਇਕ ਹਿੰਦੂ ਕੁੜੀ ਨੂੰ ਵਿਆਹ ਦੇ ਮੰਡਪ ਵਿਚੋਂ ਅਗਵਾ ਕਰ ਲਿਆ ਗਿਆ ਸੀ ਅਤੇ ਫਿਰ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਮੁਸਲਿਮ ਮੁੰਡੇ ਨਾਲ ਵਿਆਹ ਕਰ ਦਿੱਤਾ ਗਿਆ। ਪਾਕਿਸਤਾਨ ਦੀ ਮਨੁੱਖੀ ਅਧਿਕਾਰ ਕਮੇਟੀ ਦੀ ਸਾਲਾਨਾ ਰਿਪੋਰਟ ਦੇ ਮੁਤਾਬਕ ਸਾਲ 2018 ਵਿਚ ਇਕੱਲੇ ਦੱਖਣੀ ਸਿੰਧ ਸੂਬੇ ਵਿਚ ਹਿੰਦੂ ਅਤੇ ਈਸਾਈ ਕੁੜੀਆਂ ਨੂੰ ਧਰਮ ਪਰਿਵਰਤਨ ਲਈ ਮਜਬੂਰ ਕਰਨ ਦੇ ਲੱਗਭਗ 1000 ਮਾਮਲਿਆਂ ਦਾ ਅਨੁਮਾਨ ਲਗਾਇਆ ਗਿਆ ਸੀ। 

 

ਸਿੰਧ ਪਾਕਿਸਤਾਨ ਦਾ ਇਕਲੌਤਾ ਸੂਬਾ ਹੈ ਜਿੱਥੇ ਬਾਲ ਵਿਆਹ ਗੈਰ ਕਾਨੂੰਨੀ ਹੈ। 2014 ਵਿਚ ਸਿੰਧ ਦੀ ਸੂਬਾਈ ਅਸੈਂਬਲੀ ਨੇ ਸਰਬਸਮੰਤੀ ਨਾਲ ‘The Sindh Child Marriage Restraint Act’ ਪਾਸ ਕੀਤਾ ਜਿਸ ਵਿਚ ਮੁੰਡੇ ਅਤੇ ਕੁੜੀਆਂ ਦੇ ਵਿਆਹ ਲਈ ਘੱਟੋ-ਘੱਟ ਕਾਨੂੰਨੀ ਉਮਰ ਵਧਾ ਕੇ 18 ਸਾਲ ਕਰ ਦਿੱਤੀ। ਐਕਟ 18 ਸਾਲ ਤੋਂ ਘੱਟ ਉਮਰ ਦੇ ਵਿਆਹ ਨੂੰ ਸਜ਼ਾ ਯੋਗ ਅਪਰਾਧ ਦੱਸਦਾ ਹੈ ਪਰ ਇੱਥੇ ਕਾਨੂੰਨ ਦਾ ਲਾਗੂ ਹੋਣਾ ਹਾਲੇ ਵੀ ਇਕ ਧੋਖਾ ਹੈ।


Vandana

Content Editor

Related News