ਕਸ਼ਮੀਰ ''ਚ ਜਿਹਾਦ ਲਈ 100 ਅੱਤਵਾਦੀਆਂ ਨੂੰ ਟਰੇਨਿੰਗ ਦੇ ਰਹੇ ਤੁਰਕੀ-ਪਾਕਿ

12/10/2020 6:07:41 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਉਕਸਾਉਣ 'ਤੇ ਅਰਮੀਨੀਆ ਦੇ ਨਾਗੋਰਨੋ-ਕਾਰਾਬਾਖ ਦੀ ਤਰ੍ਹਾਂ ਜੰਮੂ-ਕਸ਼ਮੀਰ ਵਿਚ ਖੂਨ-ਖਰਾਬੇ ਦੀ ਨਾਪਾਕ ਸਾਜ਼ਿਸ਼ ਰਚ ਰਹੇ ਤੁਰਕੀ ਨੇ 100 ਸੀਰੀਆਈ ਲੜਾਕਿਆਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਮੀਡੀਆ ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈਕਿ ਤੁਰਕੀ ਦੀ ਖੁਫੀਆ ਸੇਵਾ ਇਹਨਾਂ ਅੱਤਵਾਦੀਆਂ ਨੂੰ ਦੇਸ਼ ਦੇ ਦੱਖਣੀ ਹਿੱਸੇ ਵਿਚ ਸਥਿਤ ਮੇਰਸਿਨ ਸ਼ਹਿਰ ਵਿਚ ਸਿਖਲਾਈ ਦੇ ਰਹੀ ਹੈ। ਇਹ ਸਾਰੇ ਕਿਰਾਏ ਦੇ ਲੜਾਕੇ ਹਨ ਜੋ ਨਾਗੋਰਨੋ-ਕਾਰਾਬਾਖ ਅਤੇ ਲੀਬੀਆ ਦੀ ਜੰਗ ਵਿਚ ਹਿੱਸਾ ਲੈ ਚੁੱਕੇ ਹਨ। ਇਸ ਵਿਚ ਤੁਰਕੀ ਅਤੇ ਪਾਕਿਸਤਾਨ ਨੂੰ ਇਹਨਾਂ ਅੱਤਵਾਦੀਆਂ ਨੇ ਕਸ਼ਮੀਰ ਭੇਜੇ ਜਾਣ ਤੋਂ ਪਹਿਲਾਂ ਵੱਡਾ ਝਟਕਾ ਦਿੱਤਾ ਹੈ।

ਸੀਰੀਆਈ ਲੜਾਕਿਆਂ ਨੇ ਕੀਤੀ ਇਹ ਮੰਗ
ਬ੍ਰਿਟਿਸ਼ ਅਖ਼ਬਾਰ ਮੋਰਨਿੰਗ ਸਟਾਰ ਦੀ ਰਿਪੋਰਟ ਮੁਤਾਬਕ, ਇਹਨਾਂ ਸਾਰੇ 100 ਅੱਤਵਾਦੀਆਂ ਨੂੰ ਕਸ਼ਮੀਰ ਵਿਚ ਭਾਰਤੀ ਸੈਨਾ ਦੇ ਨਾਲ ਯੁੱਧ ਲੜਨ ਦੇ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਭਾਵੇਂਕਿ ਸੀਰੀਆ ਦੇ ਬਦਨਾਮ ਸੁਲਤਾਨ ਮੁਰਾਦ ਬ੍ਰਿਗੇਡ ਦੇ ਲੜਾਕਿਆਂ ਨੇ ਕਸ਼ਮੀਰ ਜਾਣ ਤੋਂ ਪਹਿਲਾਂ ਤੁਰਕੀ ਦੇ ਅਰਦੌਣ ਪ੍ਰਸ਼ਾਸਨ ਦੇ ਸਾਹਮਣੇ ਇਕ ਵੱਡੀ ਸ਼ਰਤ ਰੱਖੀ ਹੈ। ਮੁਰਾਦ ਬ੍ਰਿਗੇਡ ਨੇ ਕਿਹਾ ਕਿ ਉਹਨਾਂ ਨੂੰ ਲੀਬੀਆ ਅਤੇ ਨਾਗੋਰਨੋ-ਕਾਰਾਬਾਖ ਵਿਚ ਜੰਗ ਲੜਨ ਦੇ ਬਾਅਦ ਵੀ ਹਾਲੇ ਤੱਕ ਪੂਰਾ ਪੈਸਾ ਨਹੀਂ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਤੁਰਕੀ ਦੀ ਖੁਫੀਆ ਸੇਵਾ ਨੇ ਇਕ-ਇਕ ਸੀਰੀਆਈ ਲੜਾਕੇ ਨੂੰ ਕਸ਼ਮੀਰ ਵਿਚ ਕਤਲੇਆਮ ਕਰਨ ਲਈ 3 ਹਜ਼ਾਰ ਡਾਲਰ (2 ਲੱਖ 21 ਹਜ਼ਾਰ ਰੁਪਏ) ਮਹੀਨਾ ਦੇਣ ਦਾ ਲਾਲਚ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਤੁਰਕੀ ਨੇ ਹੋਰ ਖੁਫੀਆ ਮਿਸ਼ਨਾਂ ਦੇ ਲਈ ਇਹਨਾਂ ਲੜਾਕਿਆਂ ਨੂੰ ਇੰਨੀ ਹੀ ਰਾਸ਼ੀ ਦੇਣ ਦਾ ਵਾਅਦਾ ਕੀਤਾ ਸੀ।

ਪ੍ਰੌਕਸੀ ਸੰਗਠਨ ਦੇ ਨਾਮ 'ਤੇ ਅੱਤਵਾਦੀ ਭੇਜਦਾ ਹੈ ਤੁਰਕੀ
ਤੁਰਕੀ ਨੇ ਅਰਮੀਨੀਆ ਅਤੇ ਹੋਰ ਵਿਵਾਦਿਤ ਥਾਵਾਂ 'ਤੇ ਕਿਰਾਏ ਦੇ ਲੜਾਕਿਆਂ ਨੂੰ ਭੇਜਣ ਦਾ ਖੰਡਨ ਕੀਤਾ ਹੈ ਪਰ ਉਸ ਨੂੰ ਸਾਦਾਤ ਸੰਗਠਨ ਦੇ ਪ੍ਰੌਕਸੀ ਨਾਮ ਨਾਲ ਅੱਤਵਾਦੀ ਭੇਜਣ ਲਈ ਜਾਣਿਆ ਜਾਂਦਾ ਹੈ। ਮੋਰਨਿੰਗ ਸਟਾਰ ਦੇ ਮੁਤਾਬਕ, ਸਾਦਾਤ ਸੰਗਠਨ ਇਕ ਨਿੱਜੀ ਸੁਰੱਖਿਆ ਕੰਪਨੀ ਹੈ ਜਿਸ ਦਾ ਤੁਰਕੀ ਦੀ ਸਰਕਾਰ ਨਾਲ ਬਹੁਤ ਕਰੀਬੀ ਰਿਸ਼ਤਾ ਹੈ। ਤੁਰਕੀ ਸਾਦਾਤ ਸੰਗਠਨ ਦੇ ਅੱਤਵਾਦੀਆਂ ਨੂੰ ਸਿਖਲਾਈ ਦਿੰਦਾ ਹੈ ਅਤੇ ਉਹਨਾਂ ਨੂੰ ਤਾਇਨਾਤ ਵੀ ਕਰਦਾ ਹੈ। ਇਸ ਤੋਂ ਪਹਿਲਾਂ ਪੀ.ਓ.ਕੇ. ਦੇ ਕਥਿਤ ਰਾਸ਼ਟਰਪਤੀ ਮਸੂਦ ਖਾਨ ਨੇ ਕਿਹਾ ਸੀਕਿ ਤੁਰਕੀ ਦਾ ਕਸ਼ਮੀਰੀਆਂ ਨੂੰ ਸਮਰਥਨ ਭਾਰਤ ਸਰਕਾਰ ਨੂੰ ਬਹੁਤ ਪਰੇਸ਼ਾਨ ਕਰਦਾ ਹੈ। ਇਸ ਤਰ੍ਹਾਂ ਨਾਲ ਲੀਬੀਆ, ਅਜ਼ਰਬੈਜਾਨ, ਅਰਮੀਨੀਆ, ਯਮਨ ਅਤੇ ਦੱਖਣੀ ਕੁਰਦਿਸਤਾਨ ਵਿਚ ਖੂਨੀ ਖੇਡ ਖੇਡਣ ਤੋਂ ਬਾਅਦ ਹੁਣ ਤੁਰਕੀ ਦੇ ਇਹ ਲੜਾਕੇ ਪਾਕਿਸਤਾਨ ਦੀ ਮਦਦ ਕਰਨ ਜਾ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਭਾਰਤੀ ਜੋੜੇ ਨੇ ਉਗਾਇਆ 7 ਫੁੱਟ ਤੋਂ ਵੀ ਉੱਚਾ 'ਧਨੀਏ ਦਾ ਬੂਟਾ', ਬਣ ਸਕਦੈ ਰਿਕਾਰਡ 

ਤੁਰਕੀ ਦੇ ਰਾਸ਼ਟਰਪਤੀ ਦੀ ਇੱਛਾ
ਉੱਧਰ ਕੁਰਦਿਸ਼ ਮੀਡੀਆ ਵੈਬਸਾਈਟ ਏ.ਐੱਨ.ਐੱਫ. ਨਿਊਜ਼ ਦੇ ਮੁਤਾਬਕ, ਨਾਗੋਰਨੋ-ਕਾਰਾਬਾਖ ਤੁਰਕੀ ਦੇ ਵਿਸਥਾਰ ਦਾ ਟੀਚਾ ਸੀ। ਉੱਥੇ  ਖਲੀਫਾ ਬਣਨ ਦੀ ਇੱਛਾ ਰੱਖਣ ਵਾਲੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਪ ਅਰਦੌਣ ਦੀ ਇੱਛਾ ਹੈ ਕਿ ਜੰਮੂ-ਕਸ਼ਮੀਰ ਵਿਚ ਇਸਲਾਮਿਕ ਸ਼ਾਸਨ ਦੀ ਸਥਾਪਨਾ ਹੋਵੇ। ਸਮਾਚਾਰ ਏਜੰਸੀ ਨੇ ਕਿਹਾ ਕਿ ਸੀਰੀਆਈ ਨੈਸ਼ਨਲ ਆਰਮੀ ਦੇ ਸੁਲੇਮਾਨ ਸ਼ਾਹ ਬ੍ਰਿਗੇਡ ਦੇ ਕਮਾਂਡਰ ਮੁਹੰਮਦ ਅਬੂ ਅਮਸ਼ਾ ਨੇ 5 ਦਿਨ ਪਹਿਲਾਂ ਸੀਰੀਆ ਵਿਚ ਐਲਾਨ ਕੀਤਾ ਸੀ ਕਿ ਤੁਰਕੀ ਚਾਹੁੰਦਾ ਹੈ ਕਿ ਮਿਲਿਸ਼ੀਆ ਨੂੰ ਕਸ਼ਮੀਰ ਭੇਜਿਆ ਜਾਵੇ। ਅੱਤਵਾਦੀ ਅਮਸ਼ਾ ਨੇ ਕਿਹਾ ਕਿ ਤੁਰਕੀ ਦੇ ਅਧਿਕਾਰੀ ਉਸ ਤੋਂ ਅਤੇ ਹੋਰ ਕਮਾਂਡਰਾਂ ਤੋਂ ਚਾਹੁੰਦੇ ਹਨ ਕਿ ਉਹ ਅਜਿਹੇ ਵਾਲੰਟੀਅਰਾਂ ਦੀ ਸੂਚੀ ਤਿਆਰ ਕਰੇ ਜੋ ਕਸ਼ਮੀਰ ਜਾਣਾ ਚਾਹੁੰਦੇ ਹਨ। ਕਸਮੀਰ ਜਾਣ ਲਈ ਜਿਹੜੇ ਲੋਕ ਤਿਆਰ ਹੋਣਗੇ ਉਹਨਾਂ ਨੂੰ ਲੱਖਾਂ ਰੁਪਏ ਦਿੱਤੇ ਜਾਣਗੇ। ਕਮਾਂਡਰ ਨੇ ਆਪਣੇ ਗਿਰੋਹ ਨੂੰ ਕਿਹਾ ਕਿ ਕਸ਼ਮੀਰ ਵੀ ਉਨ੍ਹਾਂ ਹੀ ਪਹਾੜੀ ਇਲਾਕਾ ਹੈ ਜਿੰਨਾ ਅਰਮੀਨੀਆ ਦਾ ਨਾਗੋਰਨੋ-ਕਾਰਾਬਾਖ ਹੈ।

ਪਾਕਿ ਦਾ ਨਾਪਾਕ ਇਰਾਦਾ
ਸੂਤਰਾਂ ਨੇ ਦੱਸਿਆ ਕਿ ਕਸ਼ਮੀਰ ਵਿਚ ਖੂਨੀ ਖੇਡ ਖੇਡਣ ਲਈ ਇਸ ਤਰ੍ਹਾਂ ਦੇ ਅੱਤਵਾਦੀਆਂ ਦੀ ਭਰਤੀ ਸੀਰੀਆ ਦੇ ਹੋਰ ਥਾਵਾਂ ਜਿਵੇਂ ਅਜਾਜ਼, ਜਰਾਬਲੁਸ, ਬਾਬ ਅਤੇ ਇਦਲਿਬ ਵਿਚ ਹੋ ਰਹੀ ਹੈ। ਇਹਨਾਂ ਲੋਕਾਂ ਨੂੰ ਗੁਪਤ ਤਰੀਕੇ ਨਾਲ ਦੇਸ਼ ਦੇ ਬਾਹਰ ਪਹੁੰਚਾਇਆ ਜਾਵੇਗਾ। ਏ.ਐੱਨ.ਐੱਫ. ਨੇ ਕਿਹਾ ਕਿ ਪਾਕਿਸਤਾਨ ਵੀ ਨਾਗੋਰਨੋ-ਕਾਰਾਬਾਖ ਦੀ ਤਰ੍ਹਾਂ ਕਸ਼ਮੀਰ ਵਿਚ ਹਮਲੇ ਦੀ ਤਿਆਰੀ ਕਰ ਰਿਹਾ ਹੈ। ਪਾਕਿਸਤਾਨ ਦੀ ਇਸ ਨਾਪਾਕ ਸਾਜਿਸ਼ ਵਿਚ ਮਦਦ ਲਈ ਹੁਣ ਉਸ ਦਾ ਸਾਥੀ ਤੁਰਕੀ ਕਿਰਾਏ ਦੇ ਸੀਰੀਆਈ ਅੱਤਵਾਦੀਆਂ ਨੂੰ ਭੇਜਣ ਦੀ ਤਿਆਰੀ ਕਰ ਰਿਹਾ ਹੈ। ਅਜਿਹਾ ਉਸ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਵਿਚ ਤਣਾਅ ਸਿਖਰ 'ਤੇ ਹੈ।

ਨੋਟ- ਉਕਤ ਖ਼ਬਰ ਸੰਬੰਧੀ ਦੱਸੋ ਆਪਣੀ ਰਾਏ।

Vandana

This news is Content Editor Vandana