ਪਾਕਿ ''ਚ ਰਿਕਸ਼ੇ ਨਾਲ ਟਕਰਾਈ ਟਰੇਨ, 9 ਮਰੇ ਤੇ 7 ਜ਼ਖਮੀ

10/17/2018 5:41:20 PM

ਲਾਹੌਰ (ਬਿਊਰੋ)— ਪਾਕਿਸਤਾਨ ਵਿਚ ਬੁੱਧਵਾਰ ਨੂੰ ਇਕ ਦਰਦਨਾਕ ਟਰੇਨ ਹਾਦਸਾ ਵਾਪਰਿਆ। ਇੱਥੇ ਇਕ ਟਰੇਨ, ਸਵਾਰੀ ਨਾਲ ਭਰੇ ਰਿਕਸ਼ੇ ਨਾਲ ਟਕਰਾ ਗਈ, ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 7 ਲੋਕ ਜ਼ਖਮੀ ਹੋ ਗਏ। ਹਾਦਸੇ ਵਿਚ ਜ਼ਖਮੀ ਸਾਰੇ ਲੋਕਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸਿੰਧ ਦੇ ਕਾਂਧਕੋਟ ਜ਼ਿਲੇ ਵਿਚ ਖੁਸ਼ਹਾਲ ਖਾਨ ਖੱਟਕ ਐਕਸਪ੍ਰੈਸ ਇਕ ਰਿਕਸ਼ੇ ਨਾਲ ਟਕਰਾ ਗਈ। 

ਮੀਡੀਆ ਰਿਪੋਰਟਾਂ ਮੁਤਾਬਕ ਮਨੁੱਖ ਰਹਿਤ ਰੇਲਵੇ ਕ੍ਰਾਸਿੰਗ 'ਤੇ ਰਿਕਸ਼ੇ ਵਾਲਾ ਲਾਈਨਾਂ ਪਾਰ ਕਰ ਰਿਹ ਸੀ। ਇਸੇ ਦੌਰਾਨ ਰਿਕਸ਼ਾ ਟਰੇਨ ਦੀ ਚਪੇਟ ਵਿਚ ਆ ਗਿਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਰਿਕਸ਼ੇ ਦੇ ਚਿੱਥੜੇ ਉੱਡ ਗਏ। ਇਸ ਭਿਆਨਕ ਹਾਦਸੇ ਦੇ ਬਾਅਦ ਰੇਲਵੇ ਟਰੈਕ 'ਤੇ ਰਿਕਸ਼ੇ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਦੇ ਹਿੱਸੇ ਖਿੱਲਰੇ ਪਏ ਸਨ। ਰਿਕਸ਼ੇ ਵਿਚ ਸਵਾਰ ਲੋਕ ਇਕ ਹੀ ਪਰਿਵਾਰ ਦੇ ਸਨ ਅਤੇ ਉਹ ਇਕ ਵਿਆਹ ਸਮਾਰੋਹ ਤੋਂ ਪਰਤ ਰਹੇ ਸਨ। ਹਾਦਸੇ ਦੇ ਤੁਰੰਤ ਬਾਅਦ ਸਥਾਨਕ ਲੋਕ ਉੱਥੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਲੈ ਗਏ। 

ਹਾਦਸੇ ਦੇ ਬਾਅਦ ਰੇਲ ਆਵਾਜਾਈ ਠੱਪ ਹੋ ਗਈ। ਜਿਸ ਕਾਰਨ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਇੱਥੇ ਦੱਸ ਦਈਏ ਕਿ ਬੀਤੇ ਇਕ ਮਹੀਨੇ ਵਿਚ ਖੁਸ਼ਹਾਲ ਹਾਲ ਖੱਟਕ ਐਕਸਪ੍ਰੈਸ ਤਿੰਨ ਵਾਰ ਹਾਦਸਾਗ੍ਰਸਤ ਹੋਈ ਹੈ।

Vandana

This news is Content Editor Vandana