ਪਾਕਿ : ਖਤਰਨਾਕ ਤਾਲਿਬਾਨੀ ਅੱਤਵਾਦੀ ਜੇਲ ''ਚੋਂ ਫਰਾਰ, ਮਲਾਲਾ ਨੂੰ ਮਾਰੀ ਸੀ ਗੋਲੀ
02/07/2020 11:37:08 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ 2012 ਵਿਚ ਮਲਾਲਾ ਯੂਸਫਜ਼ਈ 'ਤੇ ਹਮਲਾ ਕਰਨ ਵਾਲਾ ਅਤੇ 2014 ਵਿਚ ਪੇਸ਼ਾਵਰ ਵਿਚ ਮਿਲਟਰੀ ਸਕੂਲ ਵਿਚ ਜਾਨਲੇਵਾ ਹਮਲਾ ਕਰਨ ਦਾ ਜ਼ਿੰਮੇਵਾਰ ਪਾਕਿਸਤਾਨੀ ਤਾਲਿਬਾਨੀ ਅੱਤਵਾਦੀ ਅਹਿਸਾਨ-ਉੱਲਾ-ਅਹਿਸਾਨ ਜੇਲ ਵਿਚੋਂ ਫਰਾਰ ਹੋ ਗਿਆ ਹੈ। ਸਾਲ 2012 ਵਿਚ ਪਾਕਿਸਤਾਨ ਦੀ ਸਵਾਤ ਵੈਲੀ ਵਿਚ ਤਾਲਿਬਾਨ ਅੱਤਵਾਦੀਆਂ ਨੇ ਮਲਾਲਾ ਨੂੰ ਗੋਲੀ ਮਾਰ ਦਿੱਤੀ ਸੀ। ਦੂਜੇ ਪਾਸੇ 16 ਦਸੰਬਰ 2014 ਨੂੰ ਪੇਸ਼ਾਵਰ ਦੇ ਆਰਮੀ ਸਕੂਲ 'ਤੇ ਹੋਏ ਹਮਲੇ ਵਿਚ 132 ਵਿਦਿਆਰਥੀਆਂ ਸਮੇਤ 149 ਲੋਕਾਂ ਦੀ ਮੌਤ ਹੋ ਗਈ ਸੀ। ਇਹਨਾਂ ਦੋਹਾਂ ਹਮਲਿਆਂ ਵਿਚ ਅਹਿਸਾਨ ਸ਼ਾਮਲ ਸੀ।
ਜੇਲ ਤੋਂ ਭੱਜਣ ਦੇ ਬਾਅਦ ਉਸ ਦਾ ਇਕ ਆਡੀਓ ਕਲਿਪ ਸਾਹਮਣੇ ਆਇਆ ਹੈ।ਭਾਵੇਂਕਿ ਇਸ ਆਡੀਓ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ। ਸੋਸ਼ਲ ਮੀਡੀਆ 'ਤੇ ਅਹਿਸਾਨ ਦੀ ਇਸ ਕਲਿਪ ਵਿਚ ਉਹ 11 ਜਨਵਰੀ ਨੂੰ ਜੇਲ ਤੋਂ ਫਰਾਰ ਹੋਣ ਦਾ ਦਾਅਵਾ ਕਰ ਰਿਹਾ ਹੈ। ਇਸ ਕਲਿਪ ਵਿਚ ਉਸ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ ਪਾਕਿ ਸੁਰੱਖਿਆ ਏਜੰਸੀਆਂ ਨੂੰ ਚਕਮਾ ਦੇ ਕੇ ਭੱਜਣ ਵਿਚ ਸਫਲ ਹੋ ਗਿਆ ਹੈ। ਉਸ ਨੇ ਪਾਕਿਸਤਾਨੀ ਫੌਜ 'ਤੇ ਆਪਣਾ ਵਾਅਦਾ ਪੂਰਾ ਨਾ ਕਰਨ ਦਾ ਦੋਸ਼ ਲਗਾਇਆ ਹੈ। ਇਸ ਕਲਿਪ ਵਿਚ ਅਹਿਸਾਨ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ,''ਅੱਲਾਹ ਦੀ ਮਦਦ ਨਾਲ ਮੈਂ 11 ਜਨਵਰੀ 2020 ਨੂੰ ਸੁਰੱਖਿਆ ਬਲਾਂ ਦੀ ਜੇਲ ਵਿਚੋਂ ਭੱਜਣ ਵਿਚ ਸਫਲ ਰਿਹਾ।''
ਜੇਕਰ ਇਹ ਕਲਿਪ ਵਿਸ਼ਵਾਸਯੋਗ ਨਿਕਲੀ ਤਾਂ ਇਹ ਤਾਲਿਬਾਨ ਦੇ ਖਾਤਮੇ ਲਈ ਮੁਹਿੰਮ ਚਲਾ ਰਹੇ ਪਾਕਿਸਤਾਨ ਲਈ ਵੱਡਾ ਝਟਕਾ ਸਾਬਤ ਹੋਵੇਗਾ। ਅਹਿਸਾਨ ਨੇ ਆਪਣਾ ਮੌਜੂਦਾ ਠਿਕਾਣਾ ਦੱਸੇ ਬਿਨਾਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਜੇਲ ਵਿਚ ਬੀਤੇ ਆਪਣੇ ਦਿਨਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਦੇ ਬਾਰੇ ਵਿਚ ਵਿਸਥਾਰ ਨਾਲ ਦੱਸੇਗਾ।