ਪਾਕਿ : ਸਿੱਖ ਕੁੜੀ ਨੇ ਮਾਤਾ-ਪਿਤਾ ਨਾਲ ਘਰ ਪਰਤਣ ਤੋਂ ਕੀਤਾ ਇਨਕਾਰ

01/10/2020 10:10:32 AM

ਲਾਹੌਰ (ਬਿਊਰੋ): ਪਾਕਿਸਤਾਨ ਵਿਚ ਸਿੱਖ ਕੁੜੀ ਨੇ ਆਪਣੇ ਮਾਤਾ-ਪਿਤਾ ਨਾਲ ਘਰ ਪਰਤਣ ਤੋਂ ਇਨਕਾਰ ਕਰ ਦਿੱਤਾ ਹੈ। ਇਸੇ ਕੁੜੀ ਦੇ ਮੁੱਦੇ ਨੂੰ ਲੈ ਕੇ ਪਿਛਲੇ ਹਫਤੇ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹਮਲਾ ਹੋਇਆ ਸੀ। ਲਾਹੌਰ ਹਾਈ ਕੋਰਟ ਕੰਪਲੈਕਸ ਵਿਚ ਕੁੜੀ ਨੇ ਵੱਡੇ ਭਰਾ ਮਨਮੋਹਨ ਸਿੰਘ ਦੇ ਨਾਲ ਮੁਲਾਕਾਤ ਕੀਤੀ। ਮਨਮੋਹਨ ਨੇ ਆਪਣੀ ਭੈਣ 18 ਸਾਲਾ ਜਗਜੀਤ ਕੌਰ ਨਾਲ ਮੁਲਾਕਾਤ ਦੀ ਇਜਾਜ਼ਤ ਮੰਗੀ ਸੀ।ਵੀਰਵਾਰ ਨੂੰ ਕਾਰਵਾਈ ਦੇ ਦੌਰਾਨ ਨਿਆਂਧੀਸ਼ ਸੈਯਦ ਮਜ਼ਹਰ ਅਲੀ ਅਕਬਰ ਨਕਵੀ ਨੇ ਮਨਮੋਹਨ ਸਿੰਘ ਦੀ ਬੇਨਤੀ ਸਵੀਕਾਰ ਕਰਦਿਆਂ ਮਿਲਣ ਦੀ ਇਜਾਜ਼ਤ ਦਿੱਤੀ ਸੀ।  

ਘਰ ਪਰਤਣ ਲਈ ਉਸ ਦੇ ਸਮਝਾਉਣ ਦਾ ਕੋਈ ਨਤੀਜਾ ਨਾ ਨਿਕਲਣ 'ਤੇ ਮਨਮੋਹਨ ਨੇ ਕੋਰਟ ਨੂੰ ਕਿਹਾ ਕਿ ਉਸ ਦੀ ਭੈਣ ਹਾਲੇ ਦਬਾਅ ਵਿਚ ਹੈ ਅਤੇ ਆਖਰੀ ਫੈਸਲਾ ਲੈਣ ਲਈ ਉਸ ਨੂੰ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਕੁੜੀ ਨੇ ਹਾਈ ਕੋਰਟ ਨੂੰ ਕਿਹਾ ਕਿ ਇਸਲਾਮ ਧਰਮ ਸਵੀਕਾਰ ਕਰਨ ਦੇ ਬਾਅਦ ਉਸਨੇ ਆਪਣੀ ਮਰਜ਼ੀ ਨਾਲ ਮੁਸਲਿਮ ਪੁਰਸ਼ ਮੁਹੰਮਦ ਹਸਨ ਨਾਲ ਵਿਆਹ ਰਚਾਇਆ ਹੈ। ਉਹ ਆਪਣੇ ਮਾਤਾ-ਪਿਤਾ ਦੇ ਘਰ ਵਾਪਸ ਨਹੀਂ ਜਾਣਾ ਚਾਹੁੰਦੀ। 

ਇਸ ਤੋਂ ਪਹਿਲਾਂ ਮਾਯੋ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੇ ਆਪਣੀ ਰਿਪੋਰਟ ਵਿਚ ਅਦਾਲਤ ਨੂੰ ਦੱਸਿਆ ਕਿ ਜਗਜੀਤ ਨਾਬਾਲਗਾ ਨਹੀਂ ਹੈ। ਉਸ ਦੀ ਉਮਰ 18 ਸਾਲ ਤੋਂ ਵੱਧ ਹੈ। ਔਰਤਾਂ ਦੇ ਸ਼ੈਲਟਰ ਹੋਮ ਦਾਰੂਲ ਅਮਨ ਤੋਂ  ਉਸ ਨੂੰ ਸਖਤ ਸੁਰੱਖਿਆ ਵਿਚ ਕੋਰਟ ਲਿਆਂਦਾ ਗਿਆ ਸੀ। ਕੋਰਟ ਨੇ ਅਨਿਸ਼ਚਿਤ ਸਮੇਂ ਤੱਕ ਸੁਣਵਾਈ ਰੋਕਣ ਦੀ ਅਪੀਲ ਠੁਕਰਾਉਂਦੇ ਹੋਏ 23 ਜਨਵਰੀ ਦੀ ਤਰੀਕ ਤੈਅ ਕਰ ਦਿੱਤੀ ਅਤੇ ਕੁੜੀ ਨੂੰ ਸ਼ੈਲਟਰ ਹੋਮ ਭੇਜਣ ਦਾ ਆਦੇਸ਼ ਦਿੱਤਾ।

Vandana

This news is Content Editor Vandana