ਪਾਕਿ ਵਿਧਾਇਕ ਦੀ ਹਿੰਦੂ ਵਿਰੋਧੀ ਟਿੱਪਣੀਆਂ ''ਤੇ ਅਸੈਂਬਲੀ ਮੈਂਬਰਾਂ ਨੇ ਕੀਤਾ ਬਾਈਕਾਟ

03/20/2019 12:15:54 PM

ਇਸਲਾਮਾਬਾਦ (ਭਾਸ਼ਾ)— ਪੱਛਮੀ-ਉੱਤਰੀ ਪਾਕਿਸਤਾਨ ਦੀ ਇਕ ਸੂਬਾਈ ਅਸੈਂਬਲੀ ਵਿਚ ਘੱਟ ਗਿਣਤੀ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਮੈਂਬਰਾਂ ਨੇ ਸਦਨ ਤੋਂ ਬਾਈਕਾਟ ਕਰ ਦਿੱਤਾ। ਅਸਲ ਵਿਚ ਮੈਂਬਰਾਂ ਨੇ ਅਜਿਹਾ ਇਕ ਵਿਧਾਇਕ ਦੀ ਕਥਿਤ ਹਿੰਦੂ ਵਿਰੋਧੀ ਟਿੱਪਣੀਆਂ ਦੇ ਵਿਰੋਧ ਵਿਚ ਕੀਤਾ। ਖੈਬਰ ਪਖਤੂਨਖਵਾ ਸੂਬਾਈ ਅਸੈਂਬਲੀ ਦੇ ਮੈਂਬਰ ਸ਼ੇਰ ਆਜ਼ਮ ਵਜ਼ੀਰ ਨੇ ਪਾਕਿਸਤਾਨ ਵਿਚ ਹਿੰਦੂਆਂ ਅਤੇ ਭਾਰਤ ਵਿਰੁੱਧ ਟਿੱਪਣੀਆਂ ਕੀਤੀਆਂ, ਜਿਨ੍ਹਾਂ 'ਤੇ ਵਿਧਾਨ ਸਭਾ ਦੇ ਇਕ ਹੋਰ ਮੈਂਬਰ ਰਵੀ ਕੁਮਾਰ ਨੇ ਇਤਰਾਜ਼ ਜ਼ਾਹਰ ਕੀਤਾ। 

ਰਵੀ ਕੁਮਾਰ ਨੇ ਕਿਹਾ,''ਭਾਰਤ ਪਾਕਿਸਤਾਨ ਦਾ ਦੁਸ਼ਮਣ ਹੈ ਪਰ ਉਹ ਪਾਕਿਸਤਾਨ ਦੇ ਹਿੰਦੂ ਭਾਈਚਾਰੇ ਨੂੰ ਲੈ ਕੇ ਦੁਸ਼ਮਣੀ ਵਾਲਾ ਰਵੱਈਆ ਨਹੀਂ ਰੱਖਦਾ।'' ਵਜ਼ੀਰ ਨੇ ਬਾਅਦ ਵਿਚ ਆਪਣੇ ਬਿਆਨ 'ਤੇ ਮੁਆਫੀ ਮੰਗੀ ਅਤੇ ਸਪਸ਼ੱਟ ਕਰ ਦਿੱਤਾ ਕਿ ਉਨ੍ਹਾਂ ਦਾ ਮਤਲਬ ਸੀ ਕਿ ਭਾਰਤ ਪਾਕਿਸਤਾਨ ਵਿਚ ਹਿੰਦੂ ਭਾਈਚਾਰੇ ਦਾ ਨਹੀਂ ਸਗੋਂ ਪਾਕਿਸਤਾਨ ਦਾ ਦੁਸ਼ਮਣ ਹੈ। ਸਦਨ ਦੇ ਪ੍ਰਧਾਨ ਮੁਸ਼ਤਾਕ ਗਨੀ ਨੇ ਵਜ਼ੀਰ ਦੇ ਬਿਆਨ ਨੂੰ ਸਦਨ ਦੀ ਕਾਰਵਾਈ ਤੋਂ ਹਟਾ ਦਿੱਤਾ। ਇੱਥੇ ਦੱਸ ਦਈਏ ਕਿ ਖੈਬਰ ਪਖਤੂਨਖਵਾ ਦੀ ਸੂਬਾਈ ਅਸੈਂਬਲੀ ਵਿਚ ਘੱਟ ਗਿਣਤੀ ਭਾਈਚਾਰੇ ਦੇ 3 ਮੈਂਬਰ ਹਨ। ਜ਼ਿਕਰਯੋਗ ਹੈ ਕਿ ਪੁਲਵਾਮਾ ਵਿਚ ਅੱਤਵਾਦੀ ਹਮਲੇ ਦੇ ਬਾਅਦ ਤੋਂ ਭਾਰਤ ਤੇ ਪਾਕਿਸਤਾਨ ਵਿਚ ਤਣਾਅ ਵੱਧ ਗਿਆ ਹੈ।

Vandana

This news is Content Editor Vandana