ਧਾਰਮਿਕ ਭਾਵਨਾਵਾਂ ਤੋਂ ਉੱਪਰ ਹਨ ਦੋ-ਪੱਖੀ ਸੰਬੰਧ : ਕੁਰੈਸ਼ੀ

08/26/2019 2:01:19 PM

ਇਸਲਾਮਬਾਦ (ਭਾਸ਼ਾ)— ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਦੇਸ਼ਾਂ ਦੇ ਦੋ-ਪੱਖੀ ਸੰਬੰਧ ਧਾਰਮਿਕ ਭਾਵਨਾਵਾਂ ਤੋਂ ਉੱਪਰ ਹੁੰਦੇ ਹਨ। ਮੀਡੀਆ ਖਬਰਾਂ ਮੁਤਾਬਕ ਕੁਰੈਸ਼ੀ ਪੀ.ਐੱਮ.ਨਰਿੰਦਰ ਮੋਦੀ ਨੂੰ ਖਾੜੀ ਦੇਸ਼ ਦੇ ਸਰਵ ਉੱਚ ਸਨਮਾਨ ਨਾਲ ਸਨਮਾਨਿਤ ਕੀਤੇ ਜਾਣ ਵੱਲ ਧਿਆਨ ਨਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਕੁਰੈਸ਼ੀ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਪਾਕਿਸਤਾਨ ਦੀ ਸੈਨੇਟ ਦੇ ਪ੍ਰਧਾਨ ਸਾਦਿਕ ਸੰਜਰਾਨੀ ਨੇ ਯੂ.ਏ.ਈ. ਦੀ ਆਪਣੀ ਅਧਿਕਾਰਕ ਯਾਤਰਾ ਐਤਵਾਰ ਨੂੰ ਰੱਦ ਕਰ ਦਿੱਤੀ। ਸੰਜਦਾਨੀ 25 ਤੋਂ 28 ਅਗਸਤ ਤੱਕ ਸੰਸਦੀ ਵਫਦ ਨਾਲ ਯੂ.ਏ.ਈ. ਦੀ ਯਾਤਰਾ ਕਰਨ ਵਾਲੇ ਸਨ। 

ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਏ ਜਾਣ ਅਤੇ ਰਾਜ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡੇ ਜਾਣ ਦੇ ਬਾਅਦ ਪਾਕਿਸਤਾਨ ਕਸ਼ਮੀਰੀ ਲੋਕਾਂ ਦੇ ਜ਼ਬਰਦਸਤ ਸਮਰਥਨ ਵਿਚ ਉਤਰ ਆਇਆ ਹੈ, ਜਿਸ ਦੇ ਮੱਦੇਨਜ਼ਰ ਸੰਜਦਾਨੀ ਨੇ ਆਪਣੀ ਇਹ ਯਾਤਰਾ ਰੱਦ ਕਰ ਦਿੱਤੀ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਦੋਹਾਂ ਦੇਸ਼ਾਂ ਵਿਚਾਲੇ ਦੋ-ਪੱਖੀ ਸੰਬੰਧਾਂ ਨੂੰ ਵਧਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਲਈ ਪੀ.ਐੱਮ. ਮੋਦੀ ਨੂੰ ਯੂ.ਏ.ਈ. ਦਾ ਸਰਵ ਉੱਚ ਸਨਮਾਨ 'ਆਰਡਰ ਆਫ ਜਾਯੇਦ' ਦਿੱਤੇ ਜਾਣ 'ਤੇ ਕੁਰੈਸ਼ੀ ਨੇ ਕਿਹਾ ਕਿ ਯੂ.ਏ.ਈ. ਜਾਂ ਕਿਸੇ ਵੀ ਹੋਰ ਦੇਸ਼ ਨੂੰ ਆਪਣੀ ਪਸੰਦ ਦੇ ਆਧਾਰ 'ਤੇ ਦੇਸ਼ਾਂ ਨਾਲ ਦੋ-ਪੱਖੀ ਸੰਬੰਧ ਬਣਾਏ ਰੱਖਣ ਦਾ ਹੱਕ ਹੈ।

ਕੁਰੈਸ਼ੀ ਨੇ ਕਿਹਾ,''ਅੰਤਰਰਾਸ਼ਟਰੀ ਸੰਬੰਧ ਧਾਰਮਿਕ ਭਾਵਨਾਵਾਂ ਤੋਂ ਉੱਪਰ ਹੁੰਦੇ ਹਨ। ਨਿਵੇਸ਼ ਦੇ ਸੰਬੰਧ ਵਿਚ ਯੂ.ਏ.ਈ. ਅਤੇ ਭਾਰਤ ਦੇ ਸੰੰਬੰਧਾਂ ਦਾ ਪੁਰਾਣਾ ਇਤਿਹਾਸ ਰਿਹਾ ਹੈ।'' ਕੁਰੈਸ਼ੀ ਨੇ ਕਿਹਾ,''ਮੈਂ ਜਲਦੀ ਹੀ ਯੂ.ਏ.ਈ. ਦੇ ਵਿਦੇਸ਼ ਮੰਤਰੀ ਨਾਲ ਬੈਠਕ ਕਰਾਂਗਾ ਅਤੇ ਉਨ੍ਹਾਂ ਨੂੰ ਕਸ਼ਮੀਰ ਦੇ ਮੌਜੂਦਾ ਹਾਲਤ ਦੀ ਜਾਣਕਾਰੀ ਦੇਵਾਂਗਾ।'' ਉਨ੍ਹਾਂ ਨੇ ਅੱਗੇ ਕਿਹਾ,'ਪਾਕਿਸਤਾਨ ਦੇ ਵੀ ਯੂ.ਏ.ਈ. ਨਾਲ ਦੋਸਤਾਨਾ ਸੰਬੰਧ ਹਨ ਅਤੇ ਮੈਨੂੰ ਆਸ ਹੈ ਕਿ ਇਕ ਵਾਰ ਜਦੋਂ ਉਨ੍ਹਾਂ ਨੂੰ ਤੱਥਾਂ ਦਾ ਪਤਾ ਲੱਗੇਗਾ ਤਾਂ ਉਹ ਸਾਨੂੰ ਨਿਰਾਸ਼ ਨਹੀਂ ਕਰਨਗੇ।''

Vandana

This news is Content Editor Vandana