ਫੜਿਆ ਗਿਆ ਪਾਕਿਸਤਾਨ ਦਾ ਝੂਠ, ਭਾਰਤ ਨੂੰ ਜਵਾਬ ਦੇਣ ਦੇ ਚੱਕਰ ''ਚ ਖੁਦ ਦਾ ਉਡਿਆ ਮਜ਼ਾਕ

09/24/2017 5:03:10 PM

ਨਿਊਯਾਰਕ,(ਬਿਊਰੋ)— ਸੰਯੁਕਤ ਰਾਸ਼ਟਰ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜਿਸ ਤਰ੍ਹਾਂ ਪਾਕਿਸਤਾਨ ਨੂੰ ਪੂਰੀ ਦੁਨੀਆ ਦੇ ਸਾਹਮਣੇ ਬੇਨਕਾਬ ਕੀਤਾ, ਉਸ ਤੋਂ ਬਾਅਦ ਪਾਕਿਸਤਾਨ ਨੇ ਆਪਣਾ ਅਸਲੀ ਚਿਹਾ ਦਿਖਾ ਹੀ ਦਿੱਤਾ। ਪਾਕਿਸਤਾਨ ਦੀ ਪ੍ਰਤੀਨਿਧੀ ਮਲੀਹਾ ਲੋਧੀ ਨੇ ਆਪਣਾ ਜਵਾਬ ਦਿੰਦੇ ਹੋਏ ਸੰਯੁਕਤ ਰਾਸ਼ਟਰ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਝੂਠ ਦਾ ਸਹਾਰਾ ਲਿਆ। ਮਲੀਹਾ ਨੇ ਭਾਰਤ ਅਤੇ ਜੰਮੂ-ਕਸ਼ਮੀਰ ਵਿਚ ਮਨੁੱਖੀ ਅਧਿਕਾਰ ਉਲੰਘਣ ਦਾ ਦੋਸ਼ ਲਾਉਂਦੇ ਹੋਏ ਪੈਲੇਟ ਗਨ ਦੀ ਸ਼ਿਕਾਰ ਇਕ ਲੜਕੀ ਦੀ ਤਸਵੀਰ ਦਿਖਾਈ। ਮਲੀਹਾ ਨੇ ਸੰਯੁਕਤ ਰਾਸ਼ਟਰ ਮੰਚ 'ਤੇ ਜੋ ਤਸਵੀਰ ਪੇਸ਼ ਕੀਤੀ, ਉਹ ਅਸਲ ਵਿਚ ਭਾਰਤ ਦੀ ਸੀ ਹੀ ਨਹੀਂ। ਇਸ ਤਸਵੀਰ ਨੂੰ ਦਿਖਾਉਂਦੇ ਹੋਏ ਮਲੀਹਾ ਨੇ ਕਿਹਾ ਕਿ ਇਹ ਤਸਵੀਰ ਭਾਰਤੀ ਲੋਕਤੰਤਰ ਦਾ ਸੱਚ ਹੈ।


ਜਿਸ ਲੜਕੀ ਦੀ ਤਸਵੀਰ ਮਲੀਹਾ ਨੇ ਦਿਖਾਈ ਉਸ ਦਾ ਕਸ਼ਮੀਰ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਹੈ। ਦਰਅਸਲ ਇਹ ਤਸਵੀਰ ਗਾਜ਼ਾ ਪੱਟੀ ਦੀ ਰਹਿਣ ਵਾਲੀ 17 ਸਾਲਾ ਰਾਵਯਾ ਅਬੂ ਜੋਮਾ ਦੀ ਹੈ। ਇਹ ਤਸਵੀਰ ਗਾਜ਼ਾ ਸਿਟੀ ਦੇ ਇਕ ਹਸਪਤਾਲ ਵਿਚ ਇਲਾਜ ਦੌਰਾਨ ਲਈ ਗਈ ਸੀ। ਇਜ਼ਰਾਈਲ 'ਚ ਕੀਤੀ ਗਈ ਬੰਬਾਰੀ ਦੌਰਾਨ ਉਹ ਜ਼ਖਮੀ ਹੋਈ ਸੀ। ਰਾਵਯਾ ਦੇ ਘਰ 'ਤੇ 2014 'ਚ ਬੰਬਾਰੀ ਹੋਈ ਸੀ, ਜਿਸ ਵਿਚ ਉਸ ਦੇ 3 ਚਚੇਰੇ ਭਰਾ ਅਤੇ ਉਸ ਦੀ ਭੈਣ ਦੀ ਮੌਤ ਹੋ ਗਈ ਸੀ। 
ਜ਼ਿਕਰਯੋਗ ਹੈ ਕਿ ਇਹ ਤਸਵੀਰ ਇਕ ਮਸ਼ਹੂਰ ਫੋਟੋ ਜਰਨਲਿਸਟ ਨੇ ਲਈ ਸੀ। ਗਾਜ਼ਾ ਵਿਚ ਖਿੱਚੀਆਂ ਗਈਆਂ ਤਸਵੀਰਾਂ ਲਈ ਉਨ੍ਹਾਂ ਨੂੰ ਇੰਟਰਨੈਸ਼ਨਲ ਵੁਮੈਨ ਮੀਡੀਆ ਫਾਊਂਡੇਸ਼ਨ ਨੇ ਐਵਾਰਡ ਵੀ ਦਿੱਤਾ ਸੀ। ਮਲੀਹਾ ਲੋਧੀ ਦੀ ਇਸ ਹਰਕਤ ਕਾਰਨ ਪਾਕਿਸਤਾਨ ਦਾ ਅਸਲੀ ਚਿਹਰਾ ਵੀ ਸੰਯੁਕਤ ਰਾਸ਼ਟਰ ਦੇ ਸਾਹਮਣੇ ਆ ਗਿਆ ਹੈ ਕਿ ਕਿਵੇਂ ਉਹ ਪੂਰੀ ਦੁਨੀਆ ਦੇ ਸਾਹਮਣੇ ਗਲਤ ਤੱਥ ਪੇਸ਼ ਕਰ ਕੇ ਆਪਣੇ ਅੱਤਵਾਦ ਸਹਿਯੋਗੀ ਚਿਹਰੇ ਨੂੰ ਲੁੱਕਾ ਰਿਹਾ ਹੈ। ਮਲੀਹਾ ਦੀ ਇਸ ਗਲਤੀ ਕਾਰਨ ਪਾਕਿਸਤਾਨ ਦਾ ਮਜ਼ਾਕ ਵੀ ਉਡਾਇਆ ਜਾ ਰਿਹਾ ਹੈ।