ਅਮਰੀਕਾ ਦਾ ਸਾਹਮਣਾ ਕਰਨ ਲਈ ਪਾਕਿ ਨੇ ਬਣਾਇਆ ''ਕਰੰਸੀ ਪਲਾਨ'', ਇਹ ਦੇਸ਼ ਆਇਆ ਅੱਗੇ

09/15/2018 8:19:14 PM

ਇਸਲਾਮਾਬਾਦ - ਪਾਕਿਸਤਾਨ ਇਸ ਸਮੇਂ ਆਰਥਿਕ ਸੰਕਟ ਨਾਲ ਨਜਿੱਠ ਰਿਹਾ ਹੈ। ਦੇਸ਼ ਦੀ ਵਿਦੇਸ਼ੀ ਕਰੰਸੀ ਭੰਡਾਰ ਲਗਾਤਾਰ ਘਟਦਾ ਹੀ ਜਾ ਰਿਹਾ ਹੈ। ਦੇਸ਼ ਦੀ ਨਵੀਂ ਸਰਕਾਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਅਰਥਵਿਵਸਥਾ ਨੂੰ ਸੰਭਾਲਣ ਦੀ ਹੈ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਆਪਣੀ ਖਸਤਾਹਾਲ ਅਰਥਵਿਵਸਥਾ 'ਚ ਸੁਧਾਰ ਲਈ ਪਾਕਿਸਤਾਨ ਨੂੰ ਆਈ. ਐੱਮ. ਐੱਫ. (ਇੰਟਰਨੈਸ਼ਨਲ ਮੋਨੇਟਰੀ ਫੰਡ) ਤੋਂ ਕਰਜ਼ਾ ਲੈਣਾ ਹੋਵੇਗਾ। ਹਾਲਾਂਕਿ ਪਾਕਿਸਤਾਨ ਦੇ ਇਕ ਪੱਤਰਕਾਰ ਹਾਮਿਦ ਮੀਰ ਨੇ ਇਸ ਮਾਮਲੇ 'ਚ ਵੱਡਾ ਦਾਅਵਾ ਕੀਤਾ ਹੈ।

ਇਕ ਟੀ. ਵੀ. ਪ੍ਰੋਗਰਾਮ 'ਚ ਹਾਮਿਦ ਮੀਰ ਨੇ ਦੱਸਿਆ ਕਿ ਪਾਕਿਸਤਾਨ ਆਈ. ਐੱਮ. ਐੱਫ. ਤੋਂ ਮਦਦ ਨਹੀਂ ਲਵੇਗਾ। ਮੀਰ ਨੇ ਆਖਿਆ ਕਿ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਗਿਰਾਵਟ ਨੂੰ ਰੋਕਣ ਲਈ ਪਾਕਿ ਨੇ ਸਾਊਦੀ ਅਰਬ ਨਾਲ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਸਾਊਦੀ ਅਰਬ ਪਾਕਿਸਤਾਨ ਦੇ ਫਾਰਨ ਰਿਜ਼ਰਵ 'ਚ ਵੱਡੀ ਗਿਣਤੀ 'ਚ ਡਾਲਰ ਪਾਵੇਗਾ। ਇਸ ਨਾਲ ਪਾਕਿਸਤਾਨੀ ਰੁਪਏ ਨੂੰ ਸਹਾਰਾ ਮਿਲੇਗਾ ਅਤੇ ਉਸ 'ਚ ਡਾਲਰ ਦੇ ਮੁਕਾਬਲੇ ਗਿਰਾਵਟ 'ਚ ਕਮੀ ਆਵੇਗੀ। ਹਾਂਲਾਕਿ ਇਸ 'ਚ ਇਕ ਵੱਡਾ ਦਾਅ ਵੀ ਹੈ ਕਿ ਸਾਊਦੀ ਵੱਲੋਂ ਜਮ੍ਹਾ ਡਾਲਰ ਦਾ ਪਾਕਿਸਤਾਨ ਇਸਤੇਮਾਲ ਨਹੀਂ ਕਰ ਪਾਵੇਗਾ।

ਦੱਸ ਦਈਏ ਕਿ ਪਾਕਿਸਤਾਨ ਨੂੰ ਆਪਣੀ ਅਰਥਵਿਵਸਥਾ ਨੂੰ ਸੰਭਾਲਣ ਲਈ ਜਲਦ 9 ਅਰਬ ਡਾਲਰ ਕਰਜ਼ੇ ਦੀ ਜ਼ਰੂਰਤ ਹੈ। 1980 ਤੋਂ ਬਾਅਦ ਪਾਕਿਸਤਾਨ 14 ਵਾਰ ਆਈ. ਐੱਮ. ਐੱਫ. ਤੋਂ ਕਰਜ਼ਾ ਲੈ ਚੁੱਕਿਆ ਹੈ। ਅਜਿਹੇ 'ਚ ਪਾਕਿਸਤਾਨ ਅਜਿਹੀਆਂ ਸੰਭਾਵਨਾਵਾਂ ਭਾਲ ਰਿਹਾ ਹੈ ਤਾਂ ਜੋ ਉਸ ਨੂੰ ਆਈ. ਐੱਮ. ਐੱਫ. ਦੀ ਪਨਾਹ 'ਚ ਨਾ ਜਾਣਾ ਪਵੇ। ਹੁਣ ਸਾਊਦੀ ਤੋਂ ਪਾਕਿਸਤਾਨ ਨੂੰ ਕਿੰਨੀ ਸਹਾਇਤਾ ਮਿਲ ਪਾਉਂਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ।