ਪਾਕਿਸਤਾਨ ਨੇ ਆਮ ਲੋਕਾਂ ਲਈ ਖੋਲ੍ਹਿਆ ਰਾਸ਼ਟਰਪਤੀ ਭਵਨ

12/09/2018 11:22:32 AM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਸਰਕਾਰ ਨੇ ਸ਼ਨੀਵਾਰ ਨੂੰ ਸਖਤ ਸੁਰੱਖਿਆ ਵਾਲੇ ਸ਼ਾਨਦਾਰ ਰਾਸ਼ਟਰਪਤੀ ਭਵਨ ਨੂੰ ਆਮ ਜਨਤਾ ਲਈ ਖੋਲ੍ਹ ਦਿੱਤਾ। ਰਾਸ਼ਟਰਪਤੀ ਭਵਨ ਦਾ ਅਧਿਕਾਰਕ ਨਾਮ ਐਵਾਨ-ਏ-ਸਦਰ ਹੈ। ਇਹ ਰਾਜਧਾਨੀ ਦੀ ਸਖਤ ਸੁਰੱਖਿਆ ਵਾਲੇ ਰੈੱਡ ਜ਼ੋਨ ਦੇ ਕੋਨਸੀਟਿਊਸ਼ਨ ਐਵੀਨੀਊ ਵਿਚ ਮਾਰਗੱਲਾ ਹਿਲਜ਼ 'ਤੇ ਸਥਿਤ ਹੈ। ਰਾਸ਼ਟਰਪਤੀ ਭਵਨ ਆਧੁਨਿਕ ਪਿਰਾਮਿਡ ਵਾਸਤੂਕਲਾ ਦੀ ਸ਼ਾਨਦਾਰ ਸ਼ੈਲੀ ਦਰਸਾਉਂਦਾ ਹੈ। ਇਸ ਦੇ ਇਕ ਪਾਸੇ ਪ੍ਰਧਾਨ ਮੰਤਰੀ ਦਾ ਰਿਹਾਇਸ਼ ਘਰ ਅਤੇ ਦੂਜੇ ਪਾਸੇ ਸੰਸਦ ਭਵਨ ਹੈ।  

ਰਾਸ਼ਟਰਪਤੀ ਭਵਨ ਦੇ ਬੁਲਾਰੇ ਤਾਹਿਰ ਖੁਸ਼ਨੂਦ ਨੇ ਕਿਹਾ ਕਿ ਪਛਾਣ ਪੱਤਰ ਦਿਖਾ ਕੇ ਆਮ ਲੋਕਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਭਵਨ ਵਿਚ ਦਾਖਲ ਹੋਣ ਦੀ ਇਜਾਜ਼ਤ ਹੈ। ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਨੇ ਚੋਣਾਂ ਦੌਰਾਨ ਸੱਤਾ ਵਿਚ ਆਉਣ 'ਤੇ ਦੇਸ਼ ਦੀਆਂ ਮੁੱਖ ਇਮਾਰਤਾਂ ਨੂੰ ਆਮ ਲੋਕਾਂ ਲਈ ਖੋਲ੍ਹਣ ਦਾ ਵਾਅਦਾ ਕੀਤਾ ਸੀ। ਉਸੇ ਵਾਅਦੇ ਦੇ ਤਹਿਤ ਇਹ ਫੈਸਲਾ ਕੀਤਾ ਗਿਆ। ਇਸ ਨੀਤੀ ਦੇ ਤਹਿਤ ਲਾਹੌਰ, ਕਰਾਚੀ ਅਤੇ ਪੇਸ਼ਾਵਰ ਵਿਚ ਗਵਰਨਰ ਹਾਊਸ ਨੂੰ ਪਹਿਲਾਂ ਹੀ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ। ਸਤੰਬਰ ਵਿਚ ਲਾਹੌਰ ਵਿਚ ਗਵਰਨਰ ਹਾਊਸ ਖੁੱਲ੍ਹਣ ਦੇ ਪਹਿਲੇ ਹੀ ਦਿਨ 4 ਹਜ਼ਾਰ ਲੋਕਾਂ ਨੇ ਇਸ ਦਾ ਦੀਦਾਰ ਕੀਤਾ ਸੀ।

Vandana

This news is Content Editor Vandana