ਪਾਕਿ ''ਚ ਸਾਂਸਦਾਂ ਨੇ 100 ਤੋਂ 400 ਫੀਸਦੀ ਤੱਕ ਤਨਖਾਹ ਵਾਧੇ ਦੀ ਰੱਖੀ ਮੰਗ

02/02/2020 2:29:46 PM

ਇਸਲਾਮਾਬਾਦ (ਬਿਊਰੋ): ਮੌਜੂਦਾ ਸਮੇਂ ਵਿਚ ਪਾਕਿਸਤਾਨ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ। ਦੇਸ ਵਿਚ ਵੱਧ ਰਹੀ ਮਹਿੰਗਾਈ ਦੀ ਮਾਰ ਦਾ ਅਸਰ ਜਨਤਾ ਦੇ ਮੁਕਾਬਲੇ ਸੰਸਦ ਮੈਂਬਰਾਂ 'ਤੇ ਜ਼ਿਆਦਾ ਪੈਂਦਾ ਨਜ਼ਰ ਆ ਰਿਹਾ ਹੈ। ਸਾਂਸਦਾਂ ਦੇ ਇਕ ਸਮੂਹ ਨੇ ਮੰਗ ਕੀਤੀ ਹੈ ਕਿ ਮਹਿੰਗਾਈ ਦੇ ਇਸ ਦੌਰ ਵਿਚ ਖਰਚਿਆਂ ਨੂੰ ਪੂਰਾ ਕਰਨ ਲਈ ਉਹਨਾਂ ਦੀ ਤਨਖਾਹ ਵਿਚ 100 ਤੋਂ 400 ਫੀਸਦੀ ਤੱਕ ਦਾ ਵਾਧਾ ਕੀਤਾ ਜਾਵੇ। ਪਾਕਿਸਤਾਨੀ ਮੀਡੀਆ ਵਿਚ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਕੁਝ ਸਾਂਸਦਾਂ ਨੇ ਸਕੱਤਰੇਤ ਵਿਚ ਇਕ ਪ੍ਰਸਤਾਵ ਜਮਾਂ ਕਰਵਾਇਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸੈਨੇਟ ਦੇ ਚੇਅਰਮੈਨ ਤੇ ਡਿਪਟੀ ਚੇਅਰਮੈਨ ਅਤੇ ਨੈਸ਼ਨਲ ਅਸੈਂਬਲੀ ਦੇ ਸਪੀਕਰ ਤੇ ਡਿਪਟੀ ਸਪੀਕਰ ਦੀਆਂ ਤਨਖਾਹਾਂ ਵਿਚ 400 ਫੀਸਦੀ ਦਾ ਅਤੇ ਸਾਰੇ ਸਾਂਸਦਾਂ ਦੀ ਤਨਖਾਹ ਵਿਚ 100 ਫੀਸਦੀ ਦਾ ਵਾਧਾ ਕੀਤਾ ਜਾਵੇ।

ਇਸ ਦੇ ਨਾਲ ਹੀ ਇਹ ਮੰਗ ਵੀ ਕੀਤੀ ਗਈ ਹੈ ਕਿ ਸਾਰੇ ਸਾਂਸਦਾਂ ਦੇ ਪਰਿਵਾਰਾਂ ਨੂੰ ਵੀ ਜਹਾਜ਼ ਯਾਤਰਾ ਲਈ ਬਿਜ਼ਨੈੱਸ ਕਲਾਸ ਦੀ ਟਿਕਟ ਮਿਲੇ। ਸਾਂਸਦਾਂ ਦਾ ਕਹਿਣਾ ਹੈਕਿ ਉਹ ਇਹ ਮੰਗ ਮਹਿੰਗਾਈ ਦੀ ਤਾਜ਼ਾ ਲਹਿਰ ਅਤੇ ਰੁਪਏ ਦੀ ਕੀਮਤ ਵਿਚ ਗਿਰਾਵਟ ਦੇ ਕਾਰਨ ਕਰ ਰਹੇ ਹਨ। ਸਕੱਤਰੇਤ ਨੇ ਇਹ ਪ੍ਰਸਤਾਵ ਸੰਸਦੀ ਕਾਰਜ ਮੰਤਰਾਲੇ ਅਤੇ ਵਿੱਤ ਮੰਤਰਾਲੇ ਕੋਲ ਉਹਨਾਂ ਦੀ ਰਾਏ ਪਤਾ ਕਰਨ ਲਈ ਭੇਜ ਦਿੱਤਾ ਹੈ।

ਇਸ ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਸਬੰਧਤ ਕਾਨੂੰਨ ਵਿਚ ਤਬਦੀਲੀ ਕਰ ਕੇ ਸੈਨੇਟ ਦੇ ਚੇਅਰਮੈਨ ਅਤੇ ਨੈਸ਼ਨਲ ਅਸੈਂਬਲੀ ਸਪੀਕਰ ਦੀ ਤਨਖਾਹ ਮੌਜੂਦਾ ਸਮੇਂ ਦੇ ਢਾਈ ਲੱਖ ਪਾਕਿਸਤਾਨੀ ਰੁਪਏ ਤੋਂ ਵਧਾ ਕੇ 8,70,000 ਰੁਪਏ ਕੀਤੀ ਜਾਵੇ। ਇਹ ਤਨਖਾਹ ਸੁਪਰੀਮ ਕੋਰਟ ਦੇ ਜੱਜ ਦੀ ਮੂਲ ਤਨਖਾਹ ਦੇ ਬਰਾਬਰ ਹੋਵੇਗੀ। ਇਸੇ ਤਰ੍ਹਾ ਸੈਨੇਟ ਦੇ ਡਿਪਟੀ ਚੇਅਰਮੈਨ ਅਤੇ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਦੀ ਤਨਖਾਹ 1,85,000 ਰੁਪਏ ਤੋਂ ਵਧਾ ਕੇ 8,29,000 ਰੁਪਏ ਕੀਤੀ ਜਾਵੇ। ਸਾਂਸਦਾਂ ਨੇ ਮੰਗ ਕੀਤੀ ਹੈ ਕਿ ਸਬੰਧਤ ਕਾਨੂੰਨ ਵਿਚ ਸੋਧ ਕਰ ਕੇ ਸੈਨੇਟ ਅਤੇ ਨੈਸ਼ਨਲ ਅਸੈਂਬਲੀ ਦੇ ਮੈਂਬਰਾਂ ਦੀ ਤਨਖਾਹ 1 ਲੱਖ ਰੁਪਏ ਤੋਂ ਵਧਾ ਕੇ 3 ਲੱਖ ਰੁਪਏ ਕੀਤੀ ਜਾਵੇ।


Vandana

Content Editor

Related News