ਪਾਕਿ ''ਚ ਵਧੇ ਮਾਮਲੇ, ਮਸਜਿਦਾਂ ਬਣੀਆਂ ਕੋਰੋਨਾ ਫੈਲਾਉਣ ਦਾ ਮੁੱਖ ਸਰੋਤ

04/26/2020 2:34:48 PM

ਇਸਲਾਮਾਬਾਦ (ਬਿਊਰੋ): ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।ਇੱਥੇ ਇਕ ਦਿਨ ਵਿਚ ਕੋਰੋਨਾਵਾਇਰਸ ਦੇ 783 ਮਾਮਲੇ ਸਾਹਮਣੇ ਆਏ ਜਿਸ ਨਾਲ ਐਤਵਾਰ ਤੱਕ ਇਨਫੈਕਟਿਡਾਂ ਦਾ ਅੰਕੜਾ 12 ਹਜ਼ਾਰ ਦੇ ਪਾਰ ਪਹੁੰਚ ਗਿਆ। ਅਜਿਹੇ ਵਿਚ ਸਰਕਾਰ ਅਤੇ ਮਾਹਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਸਜਿਦਾਂ ਵਿਚ ਨਾ ਜਾਣ ਅਤੇ ਰਮਜ਼ਾਨ ਦੇ ਦੌਰਾਨ ਸਮੂਹਿਕ ਨਮਾਜ਼ ਅਦਾ ਕਰਨ ਤੋਂ ਪਰਹੇਜ਼ ਕਰਨ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਪਾਕਿਸਤਾਨ ਵਿਚ ਰਮਜ਼ਾਨ ਦੇ ਦੌਰਾਨ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਸਕਦੇ ਹਨ।

ਪਾਕਿਸਤਾਨੀ ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਮੁਤਾਬਕ ਪਿਛਲੇ 24 ਘੰਟਿਆਂ ਵਿਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੁਣ ਦੇਸ਼ ਵਿਚ ਮ੍ਰਿਤਕਾਂ ਦਾ ਅੰਕੜਾ 269 ਹੋ ਗਿਆ। ਬੀਤੇ ਇਕ ਦਿਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ 783 ਮਾਮਲੇ ਸਾਹਮਣੇ ਆਏ ਹਨ।ਇਸ ਦੇ ਨਾਲ ਹੀ ਪਾਕਿਸਤਾਨ ਵਿਚ ਇਨਫੈਕਟਿਡਾਂ ਦੀ ਕੁੱਲ ਗਿਣਤੀ 12579 ਹੋ ਗਈ ਹੈ। ਭਾਵੇਂਕਿ ਕੋਰੋਨਾਵਾਇਰਸ ਨਾਲ ਠੀਕ ਹੋਏ ਲੋਕਾਂ ਦੀ ਗਿਣਤੀ ਵੱਧ ਕੇ 2866 ਹੋ ਗਈ ਹੈ। ਪਾਕਿਸਤਾਨ ਦੇ ਪੰਜਾਬ ਵਿਚ 5378, ਸਿੰਧ ਵਿਚ 4232, ਖੈਬਰ ਪਖਤੂਨਖਵਾ ਵਿਚ 1793, ਗਿਲਗਿਤ-ਬਾਲਟੀਸਤਾਨ ਵਿਚ 308, ਇਸਲਾਮਾਬਾਦ ਵਿਚ 235 ਅਤੇ ਮਕਬੂਜ਼ਾ ਕਸ਼ਮੀਰ ਵਿਚ 55 ਮਾਮਲੇ ਦਰਜ ਕੀਤੇ ਗਏ। ਦੇਸ਼ ਵਿਚ ਹੁਣ ਤੱਕ 144,365 ਟੈਸਟ ਕੀਤੇ ਗਏ ਹਨ ਜਿਹਨਾਂ ਵਿਚ ਪਿਛਲੇ 24 ਘੰਟਿਆਂ ਵਿਚ 6218 ਸ਼ਾਮਲ ਹਨ।

ਖਬਰ ਹੈ ਕਿ ਰਮਜ਼ਾਨ ਦੇ ਦੌਰਾਨ ਮਸਜਿਦਾਂ ਤੱਕ ਲੋਕਾਂ ਦੀ ਪਹੁੰਚ ਨੂੰ ਪਾਬੰਦੀਸ਼ੁਦਾ ਕਰਨ 'ਤੇ ਰਾਸ਼ਟਰਪਤੀ ਆਰਿਫ ਅਲਵੀ ਦੇ ਨਾਲ ਪ੍ਰਮੁੱਖ ਮੌਲਵੀਆਂ ਵੱਲੋਂ ਦਸਤਖਤ ਕੀਤੇ ਗਏ 20 ਬਿੰਦੂ ਸਮਝੌਤੇ ਦਾ ਪੂਰੀ ਤਰ੍ਹਾਂ ਨਾਲ ਪਾਲਣ ਨਹੀਂ ਕੀਤਾ ਜਾ ਰਿਹਾ। ਅਜਿਹੇ ਵਿਚ ਅਲਵੀ ਨੇ ਮਸਜਿਦਾਂ ਦੇ ਇਮਾਮਾਂ ਨੂੰ ਚਿੱਠੀ ਲਿਖੀ ਹੈ ਜਿਸ ਵਿਚ ਉਹਨਾਂ ਨੇ 50 ਸਾਲ ਦੀ ਉਮਰ ਤੋਂ ਵੱਡੇ ਨਮਾਜ਼ੀਆਂ ਨੂੰ ਘਰ ਵਿਚ ਰਹਿ ਕੇ ਹੀ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ, ਕਸ਼ਮੀਰ ਤੇ FATF ਮਾਮਲੇ 'ਚ ਇਮਰਾਨ ਅਸਫਲ, ਪਾਕਿ ਫੌਜ ਨੇ ਕੀਤਾ ਸਾਈਡਲਾਈਨ

ਇਨਫੈਕਸ਼ਨ ਦੇ ਵੱਧਦੇ ਖਤਰੇ ਨੂੰ ਦੇਖਦੇ ਹੋਏ ਪਾਕਿਸਤਾਨ ਮੈਡੀਕਲ ਐਸੋਸੀਏਸ਼ਨ (PMA) ਅਤੇ ਪਾਕਿਸਤਾਨ ਇਸਲਾਮਿਕ ਮੈਡੀਕਲ ਐਸੋਸੀਏਸ਼ਨ (PIMA) ਨੇ ਲੋਕਾਂ ਨੂੰ ਮਸਜਿਦਾਂ ਵਿਚ ਨਹੀਂ ਸਗੋਂ ਘਰਾ ਵਿਚ ਨਮਾਜ਼ ਅਦਾ ਕਰਨ ਦੀ ਅਪੀਲ ਕੀਤੀ ਹੈ। ਅਸਲ ਵਿਚ ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਇਸ ਸਮੇਂ ਸਰੀਰਕ ਦੂਰੀ ਅਤੇ ਲਾਕਡਾਊਨ ਹੀ ਕੋਰੋਨਵਾਇਰਸ ਨੂੰ ਹਰਾਉਣ ਵਿਚ ਸਹਾਇਕ ਸਿੱਧ ਹੋ ਸਕਦਾ ਹੈ। PIMA ਦੇ ਪ੍ਰਧਾਨ ਡਾਕਟਰ ਇਫਤਿਖਾਰ ਬਰਨੀ ਨੇ ਸ਼ਨੀਵਾਰ ਨੂੰ ਚਿਤਾਵਨੀ ਦਿੱਤੀ ਕਿ ਮਸਜਿਦਾਂ ਵਾਇਰਸ ਨੂੰ ਫੈਲਾਉਣ ਦਾ ਪ੍ਰਮੁੱਖ ਸਰੋਤ ਬਣ ਰਹੀਆਂ ਹਨ। ਉਹਨਾਂ ਨੇ ਕਿਹਾ,''ਕੋਰੋਨਾਵਾਇਰਸ ਦੇ ਲੱਗਭਗ 6000 ਮਾਮਲੇ ਇਕ ਮਹੀਨੇ ਵਿਚ ਸਾਹਮਣੇ ਆਏ ਪਰ ਪਿਛਲੇ 6 ਦਿਨਾਂ ਵਿਚ ਇਹ ਦੁੱਗਣੇ ਹੋ ਗਏ ਹਨ।'' ਨਾਲ ਹੀ ਉਹਨਾਂ ਨੇ ਚਿਤਾਵਨੀ ਦਿੱਤੀ ਕਿ ਇਨਫੈਕਸ਼ਨ ਮਈ ਅਤੇ ਜੂਨ ਮਹੀਨੇ ਵਿਚ ਹੋਰ ਵਧੇਗਾ। 


Vandana

Content Editor

Related News