ਪਾਕਿ ਹਿੰਦੂ ਕੁੜੀ ਦਾ ਜ਼ਬਰਦਸਤੀ ਵਿਆਹ ਕਰਵਾਉਣ ਵਿਰੁੱਧ ਮੁਸਲਿਮ ਸੰਗਠਨਾਂ ਨੇ ਚੁੱਕੀ ਆਵਾਜ਼

02/04/2020 2:17:25 PM

ਇਸਲਾਮਾਬਾਦ— ਪਾਕਿਸਤਾਨ 'ਚ ਹਿੰਦੂ ਤੇ ਸਿੱਖ ਭਾਈਚਾਰੇ ਨਾਲ ਵਧੀਕੀ ਹੋਣ ਦੀਆਂ ਹਰ ਰੋਜ਼ ਖਬਰਾਂ ਆਉਂਦੀਆਂ ਹਨ। ਹੁਣ ਇਕ ਵਾਰ ਫਿਰ ਇੱਥੇ ਇਕ ਹਿੰਦੂ ਨਾਬਾਲਗ ਕੁੜੀ ਨੂੰ ਅਗਵਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸਿੰਧ ਸੂਬੇ 'ਚ 15 ਸਾਲ ਦੀ ਇਕ ਹਿੰਦੂ ਲੜਕੀ ਦਾ ਇਸਲਾਮ 'ਚ ਜ਼ਬਰਨ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਫਿਰ 15 ਜਨਵਰੀ ਨੂੰ ਇਕ ਮੁਸਲਿਮ ਨਾਲ ਉਸ ਦਾ ਵਿਆਹ ਕਰਵਾ ਦਿੱਤਾ ਗਿਆ। ਇਸ ਦੇ ਵਿਰੋਧ 'ਚ ਹੁਣ ਪਾਕਿਸਤਾਨ ਦੇ ਕਈ ਮੁਸਲਿਮ ਸੰਗਠਨਾਂ ਨੇ ਆਵਾਜ਼ ਚੁੱਕੀ ਹੈ।
'ਆਲ ਪਾਕਿਸਤਾਨ ਹਿੰਦੂ ਪੰਚਾਇਤ' ਦੇ ਜਨਰਲ ਸਕੱਤਰ ਰਵੀ ਦਵਾਨੀ ਮੁਤਾਬਕ ਲੜਕੀ ਨੂੰ ਨਿਆਂ ਦਿਵਾਉਣ ਲਈ ਸ਼ੁਰੂਆਤ ਜੇਅ ਸਿੰਘ ਮਹਿਜਾਜ਼ ਨਾਂ ਦੇ ਸੰਸਥਾਨ ਦੇ ਚੇਅਰਮੈਵਨ ਰਿਆਜ਼ ਖਾਨ ਦੀ ਅਗਵਾਈ 'ਚ ਹੋਈ। ਕਿਸੇ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤਾ ਜਿਸ 'ਚ ਸਿੰਧ ਦੇ ਜੈਕਬਾਬਾਦ 'ਚ ਲੋਕ ਗਾਇਕਾਂ ਨੂੰ ਧਾਰਮਿਕ ਏਕਤਾ ਦੇ ਗੀਤ ਗਾਉਂਦੇ ਹੋਏ ਦਿਖਾਇਆ ਗਿਆ। ਇਸ ਵੀਡੀਓ 'ਚ ਇਕ ਗਾਣੇ ਦੇ ਬੋਲ ਇਸ ਤਰ੍ਹਾਂ ਹਨ—'ਤੇਰਾ ਧਰਮ ਤੇਰੇ ਨਾਲ ਰਹੇ...ਸਾਡਾ ਧਰਮ ਸਾਡੇ ਨਾਲ ਰਹੇ।' ਕਈ ਲਿਬਰਲ ਮੁਸਲਿਮ ਸੰਗਠਨਾਂ ਵਲੋਂ ਇਸ ਮਾਮਲੇ 'ਚ ਨਿਆਂ ਅਤੇ ਸਪੱਸ਼ਟੀਕਰਣ ਮੰਗਿਆ ਗਿਆ ਹੈ।
ਦਵਾਨੀ ਨੇ ਕਿਹਾ ਕਿ ਸੋਮਵਾਰ ਨੂੰ ਲੜਕੀ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਪਰ ਜੱਜ ਬੀਮਾਰ ਹੋਣ ਕਾਰਨ ਸੁਣਵਾਈ ਵੀਰਵਾਰ ਤਕ ਟਲ ਗਈ। ਦੋਸ਼ ਹੈ ਕਿ ਨਾਬਾਲਗ ਕੁੜੀ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਕੇ ਇਕ 28 ਸਾਲਾ ਮੁਸਲਿਮ ਨਾਲ ਵਿਆਹ ਕਰਵਾਇਆ ਗਿਆ। ਇਸ ਦਿਹਾੜੀ ਮਜ਼ਦੂਰ ਅਤੇ ਉਸ ਦੇ ਪਿਤਾ ਨੂੰ ਕੁੜੀ ਦੇ ਪਿਤਾ ਨੇ ਇਕ ਕੰਸਟਰਕਸ਼ਨ ਸਾਈਟ 'ਤੇ ਕੰਮ ਦਿੱਤਾ ਸੀ।