ਕਸ਼ਮੀਰੀਆਂ ਨਾਲ ਇਕਜੁੱਟਤਾ ਦਿਖਾਉਣ ਲਈ ਪਾਕਿ ਨੇ ਮਨਾਇਆ ‘Kashmir hour’

08/30/2019 4:02:05 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਕਸ਼ਮੀਰੀ ਜਨਤਾ ਨਾਲ ਇਕਜੁੱਟਤਾ ਦਿਖਾਉਣ ਲਈ ‘ਕਸ਼ਮੀਰ ਆਵਰ’ (Kashmir hour) ਮਨਾਇਆ। ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦੇ ਫੈਸਲੇ ਦੀ ਪਿੱਠਭੂਮੀ ਵਿਚ ਪਾਕਿਸਤਾਨ ਨੇ ਇਹ ਕਦਮ ਚੁੱਕਿਆ ਹੈ। ਸ਼ੁੱਕਰਵਾਰ ਦੁਪਹਿਰ ਨੂੰ ਜਿਵੇਂ ਹੀ ਘੜੀ ਦੀਆਂ ਸੁਈਆਂ 12 ਦੇ ਅੰਕ ’ਤੇ ਪੁੱਜੀਆਂ, ਦੇਸ਼ਭਰ ਵਿਚ ਸਾਇਰਨ ਵੱਜਣ ਲੱਗੇ ਅਤੇ ਇਸਲਾਮਾਬਾਦ ਦੀਆਂ ਸਾਰੀਆਂ ਸੜਕਾਂ ’ਤੇ ਆਵਾਜਾਈ ਸਿਗਨਲ ਲਾਲ ਹੋ ਗਏ। ਮੁੱਖ ਆਯੋਜਨ ਇਸਲਾਮਾਬਾਦ ਦੇ ਕੌਂਸਟੀਟਿਊਸ਼ਨ ਐਵੀਨਿਊ ਵਿਚ ਆਯੋਜਿਤ ਕੀਤਾ ਗਿਆ ਜਿੱਥੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਝੰਡਾ ਲਹਿਰਾ ਰਹੀ ਅਤੇ ਨਾਅਰੇਬਾਜ਼ੀ ਕਰ ਰਹੀ ਭੀੜ ਨੂੰ ਸੰਬੋਧਿਤ ਕੀਤਾ। 

ਇਮਰਾਨ ਨੇ ਕਿਹਾ,‘‘ਅੱਜ ਪੂਰਾ ਪਾਕਿਸਤਾਨ, ਜਿੱਥੇ ਵੀ ਪਾਕਿਸਤਾਨੀ ਹਨ ਭਾਵੇਂ ਉਹ ਸਾਡੇ ਵਿਦਿਆਰਥੀ, ਦੁਕਾਨਦਾਰ ਜਾਂ ਮਜ਼ਦੂਰ ਹੋਣ ਅੱਜ ਅਸੀਂ ਸਾਰੇ ਆਪਣੇ ਕਸ਼ਮੀਰੀ ਲੋਕਾਂ ਦੇ ਨਾਲ ਖੜ੍ਹੇ ਹਾਂ।’’ ਉਨ੍ਹਾਂ ਨੇ ਕਿਹਾ,‘‘ਸਾਡੇ ਕਸ਼ਮੀਰੀ ਲੋਕ ਮੁਸ਼ਕਿਲ ਦੌਰ ਵਿਚੋਂ ਲੰਘ ਰਹੇ ਹਨ। ਪਿਛਲੇ ਕਰੀਬ 4 ਹਫਤੇ ਤੋਂ ਕਰੀਬ 80 ਲੱਖ ਕਸ਼ਮੀਰੀਆਂ ਨੂੰ ਕਰਫਿਊ ਵਿਚ ਬੰਦ ਕੀਤਾ ਗਿਆ ਹੈ।’’ ਇਮਰਾਨ ਨੇ ਕਿਹਾ ਕਿ ‘ਕਸ਼ਮੀਰ ਆਵਰ’ ਮਨਾਉਣ ਦਾ ਉਦੇਸ਼ ਪਾਕਿਸਤਾਨ ਤੋਂ ਇਹ ਸੰਦੇਸ਼ ਭੇਜਣਾ ਹੈ ਕਿ ਦੇਸ਼ ਕਸ਼ਮੀਰੀਆਂ ਨਾਲ ਖੜ੍ਹਾ ਰਹੇਗਾ। ਉਨ੍ਹਾਂ ਨੇ ਕਿਹਾ,‘‘ਅਸੀਂ ਆਖਰੀ ਸਾਹ ਤੱਕ ਉਨ੍ਹਾਂ ਦੇ ਨਾਲ ਖੜ੍ਹੇ ਰਹਾਂਗੇ।’’ 

ਐਵਾਨ-ਏ-ਸਦਨ ਵਿਚ ਆਯੋਜਿਤ ਇਕ ਹੋਰ ਪ੍ਰੋਗਰਾਮ ਵਿਚ ਰਾਸ਼ਟਰਪਤੀ ਆਰਿਫ ਅਲਵੀ ਨੇ ਲੋਕਾਂ ਨੂੰ ਸੰਬੋਧਿਤ ਕੀਤਾ। ਇਨ੍ਹਾਂ ਪ੍ਰੋਗਰਾਮਾਂ ਵਿਚ ਸਿੱਖਿਆ ਅਦਾਰੇ, ਸਰਕਾਰੀ ਅਤੇ ਨਿੱਜੀ ਦਫਤਰ, ਬੈਂਕ, ਵਪਾਰੀ, ਵਕੀਲ ਅਤੇ ਮਿਲਟਰੀ ਅਦਾਰੇ ਹਿੱਸਾ ਲੈ ਰਹੇ ਹਨ। 
 

Vandana

This news is Content Editor Vandana