ਪਾਕਿ ''ਚ ਸ਼ਰੇਆਮ ਪੱਤਰਕਾਰ ਦੀ ਹੱਤਿਆ, ਦੋਸ਼ੀ ਨੇ ਖੁਦ ਨੂੰ ਵੀ ਮਾਰੀ ਗੋਲੀ

07/10/2019 10:13:52 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਇਕ ਪੱਤਰਕਾਰ ਮੁਰੀਦ ਅੱਬਾਸ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਕਰਾਚੀ ਦੇ ਸਥਾਨਕ ਕੈਫੇ ਖਯਾਬਾਨ-ਏ-ਬੁਖਾਰੀ ਨੇੜੇ ਮੰਗਲਵਾਰ ਸ਼ਾਮ ਵਾਪਰੀ। ਹੱਤਿਆ ਮਾਮੂਲੀ ਬਹਿਸ ਦੇ ਬਾਅਦ ਕੀਤੀ ਗਈ। ਹੱਤਿਆ ਦੇ ਬਾਅਦ ਪੁਲਸ ਜਦੋਂ ਦੋਸ਼ੀ ਨੂੰ ਗ੍ਰਿਫਤਾਰ ਕਰਨ ਗਈ ਤਾਂ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਦੋਸ਼ੀ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪੱਤਰਕਾਰ ਮੁਰੀਦ ਅੱਬਾਸ 'ਬੋਲ ਨਿਊਜ਼' ਏਜੰਸੀ ਵਿਚ ਕੰਮ ਕਰਦਾ ਸੀ। ਹਮਲਾਵਰ ਦੀ ਪਛਾਣ ਆਤਿਫ ਜਮਾਂ ਦੇ ਰੂਪ ਵਿਚ ਹੋਈ ਹੈ। ਜੀਓ ਨਿਊਜ਼ ਮੁਤਾਬਕ ਜਮਾਂ ਨੇ ਇਕ ਸਫੇਦ ਕਾਰ ਦੇ ਅੰਦਰੋਂ ਪੱਤਰਕਾਰ ਨੂੰ ਗੋਲੀ ਮਾਰੀ। ਸਾਊਥ ਡੀ.ਆਈ.ਜੀ. ਸ਼ਰਜਿਲ ਖਰਾਲ ਮੁਤਾਬਕ ਅੱਬਾਸ ਦੇ ਇਕ ਦੋਸਤ ਨੇ ਦੱਸਿਆ ਕਿ ਹਮਲਾਵਰ ਦਾ ਉਸ ਨਾਲ ਪੈਸਿਆਂ ਨੂੰ ਲੈ ਕੇ ਕੁਝ ਝਗੜਾ ਸੀ। ਇਸੇ ਕਾਰਨ ਉਸ ਦੀ ਹੱਤਿਆ ਕੀਤੀ ਗਈ।

ਜਿੰਨਾ ਪੋਸਟ ਗ੍ਰੈਜੁਏਟ ਮੈਡੀਕਲ ਸੈਂਟਰ (ਜੇ.ਪੀ.ਐੱਮ.ਸੀ.) ਦੇ ਕਾਰਜਕਾਰੀ ਨਿਦੇਸ਼ਕ ਸੀਮਿਨ ਜਮਾਲੀ ਨੇ ਕਿਹਾ ਕਿ ਅੱਬਾਸ ਨੂੰ ਹਸਪਤਾਲ ਲਿਜਾਏ ਜਾਣ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਅੱਬਾਸ ਦੀ ਛਾਤੀ ਅਤੇ ਪੇਟ ਵਿਚ ਕਈ ਗੋਲੀਆਂ ਲੱਗੀਆਂ ਸਨ, ਜਿਸ ਕਾਰਨ ਉਸ ਦਾ ਕਾਫੀ ਖੂਨ ਵਹਿ ਚੁੱਕਾ ਸੀ। ਇਕ ਹੋਰ ਸਮਾਚਾਰ ਏਜੰਸੀ ਮੁਤਾਬਕ ਪੱਤਰਕਾਰ ਅੱਬਾਸ ਦੇ ਦੋਸਤ ਖੈਜ਼ਰ ਹਯਾਤ ਨੂੰ ਵੀ ਇਸ ਘਟਨਾ ਵਿਚ ਗੋਲੀ ਮਾਰੀ ਗਈ। ਉਸ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਬਾਅਦ ਵਿਚ ਉਸ ਦੀ ਮੌਤ ਹੋ ਗਈ।

ਘਟਨਾ ਸਾਹਮਣੇ ਆਉਣ ਦੇ ਬਾਅਦ ਸਿੰਧ ਇੰਸਪੈਕਟਰ ਜਨਰਲ ਆਫ ਪੁਲਸ ਕਲੀਮ ਇਮਾਨ ਨੇ ਸਬੰਧਤ ਡੀ.ਆਈ.ਜੀ. ਨੂੰ ਮਾਮਲੇ ਦੀ ਪੂਰੀ ਰਿਪੋਰਟ ਦੇਣ ਲਈ ਕਿਹਾ ਹੈ। ਇਸ ਵਿਚ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਨੇ ਇਸ ਘਟਨਾ ਨੂੰ ਪ੍ਰੈੱਸ ਦੀ ਆਜ਼ਾਦੀ 'ਤੇ ਖਤਰਾ ਦੱਸਿਆ ਹੈ। ਉਨ੍ਹਾਂ ਨੇ ਇਮਰਾਨ ਖਾਨ ਸਰਕਾਰ ਨੂੰ 'ਫਾਸੀਵਾਦੀ' (fascist) ਦੱਸਿਆ।

Vandana

This news is Content Editor Vandana