ਪਾਕਿ ''ਚ ਅਚਾਨਕ ਗਾਇਬ ਹੋਇਆ ਸਮੁੰਦਰ ''ਚ ਬਣਿਆ ਟਾਪੂ

07/15/2019 11:16:18 AM

ਇਸਲਾਮਾਬਾਦ (ਬਿਊਰੋ)— ਵਾਤਾਵਰਣ ਵਿਚ ਕੁਦਰਤੀ ਤੌਰ 'ਤੇ ਕੋਈ ਨਾ ਕੋਈ ਤਬਦੀਲੀ ਹੁੰਦੀ ਰਹਿੰਦੀ ਹੈ। ਗੁਆਂਢੀ ਦੇਸ਼ ਪਾਕਿਸਤਾਨ ਵਿਚ ਇਸ ਤਰ੍ਹਾਂ ਦੀ ਇਕ ਅਜੀਬੋ-ਗਰੀਬ ਤਬਦੀਲੀ ਹੋਈ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਅਸਲ ਵਿਚ ਇੱਥੇ ਗਵਾਦਰ ਦੇ ਸਮੁੰਦਰ ਨੇੜੇ ਬਣਿਆ ਇਕ ਟਾਪੂ ਰਾਤੋਂ-ਰਾਤ ਅਚਾਨਕ ਗਾਇਬ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਸਾਲ 2013 ਵਿਚ ਪਾਕਿਸਤਾਨ ਵਿਚ ਆਏ ਭਿਆਨਕ ਭੂਚਾਲ ਦੇ ਬਾਅਦ ਇਹ ਟਾਪੂ ਪਹਿਲੀ ਵਾਰ ਸਾਹਮਣੇ ਆਇਆ ਸੀ। ਹੁਣ 6 ਸਾਲ ਬਾਅਦ ਇਹ ਫਿਰ ਰਹੱਸਮਈ ਤਰੀਕੇ ਨਾਲ ਗਾਇਬ ਹੋ ਗਿਆ।

ਅੰਡੇ ਦੇ ਆਕਾਰ ਦਾ ਇਹ ਟਾਪੂ ਕਰੀਬ 295 ਫੁੱਟ ਲੰਬਾ ਅਤੇ 130 ਫੁੱਟ ਚੌੜਾ ਸੀ ਜਦਕਿ ਸਮੁੰਦਰ ਤੋਂ ਇਸ ਦੀ ਉਚਾਈ ਕਰੀਬ 60 ਫੁੱਟ ਸੀ। ਲੋਕਾਂ ਨੇ ਇਸ ਦਾ ਨਾਮ 'ਜ਼ਲਜ਼ਲਾ ਕੋਹ' ਰੱਖਿਆ ਸੀ। ਇਸ ਦਾ ਮਤਲਬ ਹੁੰਦਾ ਹੈ 'ਭੂਚਾਲ ਦਾ ਪਹਾੜ'।

ਵਿਗਿਆਨੀਆਂ ਮੁਤਾਬਕ ਭੂਚਾਲ ਦੌਰਾਨ ਟੈਕਟੋਨਿਕ ਪਲੇਟਸ ਦੇ ਟਕਰਾਉਣ ਨਾਲ ਇਹ ਟਾਪੂ ਬਣਿਆ। ਜਦੋਂ ਲੋਕਾਂ ਨੇ ਸਮੁੰਦਰ ਵਿਚ ਇਸ ਟਾਪੂ ਨੂੰ ਪਹਿਲੀ ਵਾਰ ਦੇਖਿਆ ਤਾਂ ਉਹ ਸਮਝ ਨਹੀਂ ਪਾਏ ਸਨ ਕਿ ਆਖਿਰ ਅਚਾਨਕ ਇਹ ਟਾਪੂ ਕਿੱਥੋਂ ਆ ਗਿਆ। ਬਾਅਦ ਵਿਚ ਲੋਕ ਕਿਸ਼ਤੀ ਸਹਾਰੇ ਟਾਪੂ 'ਤੇ ਪਹੁੰਚੇ। ਉੱਥੇ ਉਨ੍ਹਾਂ ਨੇ ਬਹੁਤ ਸਾਰਾ ਚਿੱਕੜ, ਰੇਤ ਅਤੇ ਪੱਥਰ ਦੇਖੇ। ਨਾਲ ਹੀ ਉੱਥੇ ਕਿਤੇ-ਕਿਤੇ ਮੀਥੇਨ ਗੈਸ ਨਿਕਲ ਰਹੀ ਸੀ।

ਪੁਲਾੜ ਏਜੰਸੀ ਨਾਸਾ ਨੇ ਕੁਝ ਅਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ਵਿਚ ਟਾਪੂ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਮਤਲਬ ਉਹ ਅਚਾਨਕ ਗਾਇਬ ਹੋ ਗਿਆ। ਭਾਵੇਂਕਿ ਪਾਕਿਸਤਾਨ ਵਿਚ ਰਹਿਣ ਵਾਲੇ ਕੁਝ ਲੋਕਾਂ ਦਾ ਕਹਿਣਾ ਹੈ ਕਿ 60-70 ਸਾਲ ਪਹਿਲਾਂ ਵੀ ਅਜਿਹੀ ਇਕ ਘਟਨਾ ਵਾਪਰੀ ਸੀ, ਜਿਸ ਵਿਚ ਇਕ ਟਾਪੂ ਦਾ ਨਿਰਮਾਣ ਹੋਇਆ ਸੀ ਅਤੇ ਫਿਰ ਉਹ ਅਚਾਨਕ ਗਾਇਬ ਹੋ ਗਿਆ ਸੀ।

Vandana

This news is Content Editor Vandana