ਪਾਕਿ ''ਚ ਤਖਤਾਪਲਟ ਦਾ ਖਤਰਾ, ਬਾਜਵਾ ਨੇ ਲਈ ਬੈਠਕ

10/04/2019 10:50:33 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਇਮਰਾਨ ਸਰਕਾਰ 'ਤੇ ਸੰਕਟ ਦੇ ਬੱਦਲ ਛਾਏ ਹੋਏ ਹਨ। ਇੱਥੋਂ ਦੀ ਮੁੱਖ ਖੱਬੇ ਪੱਖੀ ਪਾਰਟੀ 'ਅਕਸ਼ਮ' ਸਰਕਾਰ ਦੇ ਤਖਤਾ ਪਲਟ ਕਰਨ ਦੀ ਤਿਆਰੀ ਵਿਚ ਹੈ। ਹਾਲ ਹੀ ਵਿਚ ਕਾਰੋਬਾਰੀ ਨੇਤਾਵਾਂ ਦੀ ਇਕ ਵੱਡੀ ਬੈਠਕ ਨੂੰ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਸੰਬੋਧਿਤ ਕੀਤਾ ਪਰ ਪ੍ਰਧਾਨ ਮੰਤਰੀ ਇਮਰਾਨ ਖਾਨ ਬੈਠਕ ਵਿਚ ਮੌਜੂਦ ਨਹੀਂ ਸਨ। ਇਹ ਬੈਠਕ ਬੁੱਧਵਾਰ ਨੂੰ ਹੋਈ। 

ਪਾਕਿਸਤਾਨ ਫੌਜ ਮੁਖੀ ਬਾਜਵਾ ਅਰਥਵਿਵਸਥਾ ਨੂੰ ਸੰਭਾਲਣ ਲਈ ਕਾਰੋਬਾਰੀ ਨੇਤਾਵਾਂ ਨਾਲ ਗੁਪਤ ਮੁਲਾਕਾਤਾਂ ਕਰ ਰਹੇ ਹਨ। ਪਾਕਿਸਤਾਨ ਦੀ ਵਿੱਤੀ ਰਾਜਧਾਨੀ ਕਰਾਚੀ ਅਤੇ ਰਾਵਲਪਿੰਡੀ ਦੇ ਮਿਲਟਰੀ ਦਫਤਰ ਵਿਚ ਅਜਿਹੀਆਂ ਤਿੰਨ ਮੁਲਾਕਾਤਾਂ ਹੋ ਚੁੱਕੀਆਂ ਹਨ। ਮਾਮਲੇ ਨਾਲ ਜੁੜੇ ਬਲੂਮਬਰਗ ਦੇ ਸੂਤਰਾਂ ਨੇ ਦੱਸਿਆ ਕਿ ਬੈਠਕਾਂ ਵਿਚ ਬਾਜਵਾ ਨੇ ਕਾਰੋਬਾਰੀ ਨੇਤਾਵਾਂ ਨੂੰ ਪੁੱਛਿਆ ਕਿ ਅਰਥਵਿਵਸਥਾ ਨੂੰ ਕਿਵੇਂ ਸਹੀ ਰਸਤੇ 'ਤੇ ਲਿਆਂਦਾ ਜਾਵੇ ਅਤੇ ਕਿਸ ਤਰ੍ਹਾਂ ਪਾਕਿਸਤਾਨ ਵਿਚ ਵਿਦੇਸ਼ੀ ਨਿਵੇਸ਼ ਵਧਾਇਆ ਜਾਵੇ। ਸੂਤਰਾਂ ਮੁਤਾਬਕ ਸਰਕਾਰੀ ਅਧਿਕਾਰੀਆਂ ਨੂੰ ਜਲਦਬਾਜ਼ੀ ਵਿਚ ਕਈ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ।

ਮੀਡੀਆ ਖਬਰਾਂ ਮੁਤਾਬਕ ਜਮੀਅਤ ਅਲੇਮਾ-ਏ-ਇਸਲਾਮ-ਫਜ਼ਲ (ਜੇ.ਯੂ.ਆਈ.-ਐੱਫ.) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਦਾ ਇਹ ਫੈਸਲਾ ਵਿਰੋਧੀ ਪਾਰਟੀਆਂ ਪੀ.ਐੱਮ.ਐੱਲ.-ਐੱਨ. ਅਤੇ ਪੀ.ਪੀ.ਪੀ. ਦੇ ਫੈਸਲੇ ਦੇ ਬਾਅਦ ਆਇਆ ਹੈ। ਇਹ ਦੋਵੇਂ ਪਾਰਟੀਆਂ ਇਮਰਾਨ ਨੂੰ ਸੱਤਾ ਤੋਂ ਬਾਹਰ ਕਰਨ ਲਈ ਕਿਸੇ ਏਕਲ ਸੰਘਰਸ਼ ਦੇ ਵਿਰੁੱਧ ਹਨ। ਉਨ੍ਹਾਂ ਨੇ ਸਾਰੀਆਂ ਪਾਰਟੀਆਂ ਦਾ ਇਕ ਸੰਮੇਲਨ ਬੁਲਾ ਕੇ ਆਪਸੀ ਸਮਝ ਵਿਕਸਿਤ ਕਰਨ ਦਾ ਫੈਸਲਾ ਲਿਆ ਹੈ।

ਬੈਠਕ ਵਿਚ ਪਾਰਟੀ ਨੇ ਦੇਸ਼ ਵਿਚ ਪੈਦਾ ਹੋਏ ਆਰਥਿਕ ਸੰਕਟ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਉਣ ਲਈ 'ਆਜ਼ਾਦੀ ਮਾਰਚ' ਕੱਢਣ ਦਾ ਐਲਾਨ ਕੀਤਾ ਹੈ। ਇਸ ਤੋਂ ਇਕ ਦਿਨ ਪਹਿਲਾਂ ਬਾਜਵਾ ਨੇ ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੀ ਸੁਰੱਖਿਆ ਕਰਨ ਵਾਲੀ ਫੌਜ ਦੀ ਟੁਕੜੀ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਸਨ। ਜਿਹੜੇ ਸੁਰੱਖਿਆ ਕਰਮੀ ਛੁੱਟੀ 'ਤੇ ਸਨ ਉਨ੍ਹਾਂ ਨੂੰ ਤੁਰੰਤ ਡਿਊਟੀ 'ਤੇ ਪਰਤਣ ਲਈ ਕਿਹਾ ਗਿਆ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਵਿਚ 4 ਵਾਰ ਤਖਤਾ ਪਲਟ ਹੋ ਚੁੱਕਾ ਹੈ ਜਿਸ ਵਿਚੋਂ 2 ਵਾਰ ਇਸੇ 111ਵੀਂ ਇਨਫੈਂਟਰੀ ਬ੍ਰਿਗੇਡ ਦੇ ਜਵਾਨਾਂ ਦੀ ਮਦਦ ਲਈ ਗਈ ਸੀ। ਫੌਜ ਦੀ ਇਸ ਟੁਕੜੀ ਨੂੰ 'coup brigade' ਵੀ ਕਿਹਾ ਜਾਂਦਾ ਹੈ।

ਇਮਰਾਨ ਜਿਨ੍ਹਾਂ ਵੀ ਵਿਖਾਵਾ ਕਰਨ ਪਰ ਕਸ਼ਮੀਰ ਮੁੱਦੇ 'ਤੇ ਉਨ੍ਹਾਂ ਦੀ ਅਸਫਲਤਾ ਵਿਰੁੱਧ ਪਾਕਿਸਤਾਨ ਵਿਚ ਗੁੱਸਾ ਹੈ। ਪਾਕਿਸਤਾਨ ਵਿਚ ਇਸ ਤੋਂ ਪਹਿਲਾਂ 1958,1969,1977 ਅਤੇ 1999 ਵਿਚ ਫੌਜ ਮੁਖੀਆਂ ਨੇ ਲੋਕਤੰਤਰੀ ਰੂਪ ਨਾਲ ਚੁਣੀ ਗਈ ਸਰਕਾਰ ਨੂੰ ਗਦੀਓਂ ਲਾਹਿਆ ਸੀ। 111ਵੀਂ ਇਨਫੈਂਟਰੀ ਬ੍ਰਿਗੇਡ ਦੀ ਮਦਦ ਨਾਲ ਅਯੂਬ ਖਾਨ ਨੇ 1958 ਵਿਚ ਰਾਸ਼ਟਰਪਤੀ ਇਸਕੰਦਰ ਮਿਰਜ਼ਾ ਨੂੰ ਅਹੁਦੇ ਤੋਂ ਹਟਾ ਦਿਤਾ ਸੀ। ਇਸ ਦੇ 21 ਸਾਲ ਬਾਅਦ ਜੀਆ ਉਲ ਹੱਕ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਜ਼ੁਲਫੀਕਾਰ ਅਲੀ ਭੁੱਟੋ ਨੂੰ ਹਟਾਇਆ ਸੀ। ਪਾਕਿਸਤਾਨ ਵਿਚ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਲਈ ਕਿਹਾ ਜਾਂਦਾ ਹੈ ਕਿ ਉਸ ਨੂੰ ਫੌਜ ਦਾ ਸਮਰਥਨ ਹਾਸਲ ਹੈ। ਇਮਰਾਨ ਦੇ ਪ੍ਰਧਾਨ ਮੰਤਰੀ ਬਣਨ ਵਿਚ ਫੌਜ ਦੀ ਭੂਮਿਕਾ ਅਹਿਮ ਰਹੀ ਹੈ ਪਰ ਭਾਰਤ ਵਿਚ ਮੋਦੀ ਸਰਕਾਰ ਵੱਲੋਂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਬਾਅਦ ਇਮਰਾਨ ਖਾਨ ਕੁਝ ਵੀ ਨਹੀਂ ਕਰ ਸਕੇ। ਉਨ੍ਹਾਂ ਨੂੰ ਦੁਨੀਆ ਭਰ ਵਿਚ ਅਪੀਲ ਕੀਤੀ ਪਰ ਕਿਤੋਂ ਵੀ ਸਮਰਥਨ ਨਹੀਂ ਮਿਲਿਆ। 


Vandana

Content Editor

Related News