ਪਾਕਿ : ਹਿੰਦੂ ਵਿਦਿਆਰਥਣ ਦੀ ਮੌਤ ਸਬੰਧੀ ਰਿਪੋਰਟ ''ਚ ਹੈਰਾਨੀਜਨਕ ਖੁਲਾਸਾ

10/10/2019 11:41:37 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਹਿੰਦੂ ਵਿਦਿਆਰਥਣ ਨਿਮਿਰਤਾ ਕੁਮਾਰੀ ਦੀ ਮੌਤ ਨਾਲ ਸਬੰਧਤ ਇਕ ਹੈਰਾਨੀਜਨਕ ਖੁਲਾਸਾ ਹੋਇਆ ਹੈ। ਪਾਕਿਸਤਾਨ ਵਿਚ ਡਾਕਟਰੀ ਦੀ ਪੜ੍ਹਾਈ ਕਰ ਰਹੀ ਹਿੰਦੂ ਵਿਦਿਆਰਥਣ ਦੀ ਲਾਸ਼ ਪਿਛਲੇ ਮਹੀਨੇ ਉਸ ਦੇ ਹੋਸਟਲ ਵਿਚ ਸ਼ੱਕੀ ਹਾਲਤਾਂ ਵਿਚ ਪਾਈ ਗਈ ਸੀ। ਇਸ ਮਾਮਲੇ ਨਾਲ ਸਬੰਧਤ ਤਾਜ਼ਾ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਨਿਮਿਰਤਾ ਦੀ ਮੌਤ ਆਕਸੀਜਨ ਦੀ ਕਮੀ ਕਾਰਨ ਸਾਹ ਘੁੱਟ ਜਾਣ ਕਾਰਨ ਹੋਈ ਸੀ।

ਜਿਓ ਨਿਊਜ਼ ਨੇ ਦੱਸਿਆ ਕਿ ਹਿਸਟੋਪੈਥੋਲੌਜ਼ੀਕਲ ਜਾਂਚ ਰਿਪੋਰਟ, ਜੋ 26 ਸਤੰਬਰ ਨੂੰ ਜਮਸ਼ੋਰੋ ਵਿਚ ਲਿਆਕਤ ਯੂਨੀਵਰਸਿਟੀ ਆਫ ਮੈਡੀਕਲ ਐਂਡ ਹੈਲਥ ਸਾਇੰਸੇਜ ਵੱਲੋਂ ਬੁੱਧਵਾਰ ਨੂੰ ਲਰਕਾਨਾ ਪੁਲਸ ਨੂੰ ਸੌਂਪੀ ਗਈ ਸੀ ਉਸ ਵਿਚ ਇਹ ਸੰਕੇਤ ਦਿੱਤਾ ਗਿਆ ਕਿ ਨਿਮਿਰਤਾ ਦੀ ਮੌਤ ਆਕਸੀਜਨ ਦੀ ਕਮੀ ਕਾਰਨ ਹੋਈ ਸੀ। ਮੈਡੀਕਲ ਰਿਪੋਰਟ ਵਿਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਨਿਮਿਰਤਾ ਦੀ ਮੌਤ ਗੈਰ ਕੁਦਰਤੀ ਕਾਰਨਾਂ ਕਾਰਨ ਨਹੀਂ ਹੋਈ ਜਾਂ ਉਸ ਦੇ ਜ਼ਹਿਰ ਖਾਣ  ਨਾਲ ਉਸ ਦੇ ਸਰੀਰਕ ਅੰਗਾਂ ਵਿਚ ਤਬਦੀਲੀ ਦਿੱਸੀ। ਭਾਵੇਂਕਿ ਉਸ ਦੇ ਦਿਲ, ਗੁਰਦੇ, ਫੇਫੜੇ ਜਾਂ ਜਿਗਰ ਵਿਚ ਕੋਈ ਅਸਧਾਰਨ ਲੱਛਣ ਨਹੀਂ ਸਨ। 

ਦੂਜੇ ਪਾਸੇ ਪੁਲਸ ਨੇ ਕਿਹਾ ਕਿ ਰਿਪੋਰਟ ਵਿਚ ਨਿਮਿਰਤਾ ਦੀ ਮੌਤ ਦੇ ਕਾਰਨ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਇਹ ਯਕੀਨੀ ਕੀਤਾ ਗਿਆ ਹੈ ਕਿ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਸੀ ਕਿ ਉਸ ਦੀ ਹੱਤਿਆ ਕੀਤੀ ਗਈ ਸੀ।

Vandana

This news is Content Editor Vandana