ਪਾਕਿ ਸਰਕਾਰ ਹਾਫਿਜ਼ ਸਈਦ ਦੇ ਸਕੂਲਾਂ ''ਚੋਂ ਬੱਚਿਆਂ ਨੂੰ ਕਰੇਗੀ ਟਰਾਂਸਫਰ

06/19/2019 9:45:44 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਸਰਕਾਰ ਮੁੰਬਈ ਹਮਲੇ ਅਤੇ ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਅੱਤਵਾਦੀ ਹਾਫਿਜ਼ ਸਈਦ ਵੱਲੋਂ ਸੰਚਾਲਿਤ ਸਕੂਲਾਂ ਵਿਚੋਂ ਬੱਚਿਆਂ ਨੂੰ ਬਾਹਰ ਕੱਢੇਗੀ। ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿਚ ਟਰਾਂਸਫਰ ਕੀਤਾ ਜਾਵੇਗਾ। ਪਾਕਿਸਤਾਨ ਸਰਕਾਰ ਨੇ ਇਹ ਕਦਮ ਅੰਤਰਰਾਸ਼ਟਰੀ ਨਿਗਰਾਨੀ ਸੰਗਠਨ ਵਿੱਤੀ ਕਾਰਵਾਈ ਟਾਸਕ ਫੋਰਸ (FATF) ਦੇ ਇਤਰਾਜ਼ ਦੇ ਬਾਅਦ ਚੁੱਕਿਆ ਹੈ। 

ਅੰਤਰਰਾਸ਼ਟਰੀ ਅੱਤਵਾਦੀ ਐਲਾਨਿਆ ਗਿਆ ਸਈਦ ਪਾਕਿਸਤਾਨ ਵਿਚ ਜਮਾਤ-ਉਦ-ਦਾਅਵਾ (ਜੇ.ਯੂ.ਡੀ.) ਅਤੇ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ (ਐੱਫ.ਆਈ.ਐੱਫ.) ਨਾਮ ਦੇ ਸਕੂਲਾਂ ਨੂੰ ਸੰਚਾਲਿਤ ਕਰਦਾ ਹੈ। ਇਨ੍ਹਾਂ ਸਕੂਲਾਂ ਦਾ ਨਾਮ 'ਤੇ ਸਈਦ ਪਾਕਿਸਤਾਨ ਸਰਕਾਰ ਤੋਂ ਮੋਟੀ ਰਾਸ਼ੀ ਹਾਸਲ ਕਰਦਾ ਹੈ, ਜਿਸ ਦਾ ਖੁਲਾਸਾ ਹਾਲ ਵਿਚ ਹੀ ਐੱਫ.ਆਈ.ਐੱਫ. ਨੇ ਕੀਤਾ। 

ਸਰਕਾਰ ਨੇ ਸਕੂਲਾਂ ਨੂੰ ਦਿੱਤੇ 180 ਕਰੋੜ ਰੁਪਏ
ਪਾਕਿਸਤਾਨ ਸਰਕਾਰ ਨੇ ਹਾਫਿਜ਼ ਸਈਦ ਦੇ ਸੰਗਠਨਾਂ ਨਾਲ ਸਬੰਧਤ ਸਕੂਲਾਂ ਨੂੰ 180 ਕਰੋੜ ਰੁਪਏ ਦਿੱਤੇ। ਇਸ 'ਤੇ ਐੱਫ.ਏ.ਟੀ.ਐੱਫ ਨੇ ਸਵਾਲ ਕਰ ਕੇ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ  ਸੀ, ਜਿਸ ਮਗਰੋਂ ਸਰਕਾਰ 'ਤੇ ਕਾਰਵਾਈ ਕਰਨ ਲਈ ਦਬਾਅ ਬਣਿਆ।

ਨਿਗਰਾਨੀ ਸੰਸਥਾ ਨੂੰ ਸੰਤੁਸ਼ਟ ਨਹੀਂ ਕਰ ਪਾਈ ਸਰਕਾਰ
ਇਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਦੱਸਿਆ ਕਿ ਐੱਫ.ਏ.ਟੀ.ਐੱਫ ਦੇ ਇਤਰਾਜ਼ 'ਤੇ ਪਾਕਿਸਤਾਨ ਸਰਕਾਰ ਨੇ ਜਵਾਬ ਦਿੱਤਾ ਕਿ ਉਸ ਨੇ ਮਾਰਚ ਵਿਚ ਹੀ ਅਜਿਹੇ ਅਦਾਰਿਆਂ 'ਤੇ ਕੰਟਰੋਲ ਕੀਤਾ ਸੀ ਪਰ ਇਸ ਜਵਾਬ ਨਾਲ ਐੱਫ.ਏ.ਟੀ.ਐੱਫ. ਸੰਤੁਸ਼ਟ ਨਹੀਂ ਹੋਇਆ। ਸੰਸਥਾ ਨੇ ਦੋ ਦਿਨ ਪਹਿਲਾਂ ਮੰਨਿਆ ਸੀ ਕਿ ਪਾਕਿਸਤਾਨ ਨੇ ਅੱਤਵਾਦੀ ਸੰਗਠਨਾਂ ਨੂੰ ਸ਼ਰਨ ਦੇਣੀ ਬੰਦ ਨਹੀਂ ਕੀਤੀ। ਉਨ੍ਹਾਂ ਨੇ ਆਪਣੀ ਜਾਂਚ ਵਿਚ ਪਾਇਆ ਕਿ ਅੱਤਵਾਦ ਨੂੰ ਰੋਕਣ ਲਈ ਪਾਕਿਸਤਾਨ ਲੋੜੀਂਦੇ 27 ਬਿੰਦੂਆਂ ਦੇ ਐਕਸ਼ਨ ਪਲਾਨ ਵਿਚੋਂ 25 ਵਿਚ ਅਸਫਲ ਰਿਹਾ।

Vandana

This news is Content Editor Vandana