ਪਾਕਿ ''ਚ ਕੁੜੀਆਂ ਦਾ ਧਰਮ ਪਰਿਵਰਤਨ, ਇਨਸਾਫ ਲਈ ਸੋਸ਼ਲ ਮੀਡੀਆ ''ਤੇ ਅਪੀਲ

01/19/2020 2:10:07 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਘੱਟ ਗਿਣਤੀ ਭਾਈਚਾਰੇ ਦੀਆਂ 50 ਕੁੜੀਆਂ ਦੇ ਜ਼ਬਰਦਸਤੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।ਇਹਨਾਂ ਵਿਚੋਂ ਕਿਸੇ ਵੀ ਘਟਨਾ 'ਤੇ ਸਰਕਾਰ, ਸਥਾਨਕ ਪ੍ਰਸ਼ਾਸਨ ਜਾਂ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਦੇ ਬਾਅਦ ਇਨਸਾਫ ਲਈ ਹੁਣ ਲੋਕਾਂ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ। ਆਈ.ਐੱਨ.ਐੱਸ. ਦੀ ਇਕ ਰਿਪੋਰਟ ਮੁਤਾਬਕ ਇਹ ਦਾਅਵਾ ਪਾਕਿਸਤਾਨ ਦੇ ਘੱਟ ਗਿਣਤੀ ਭਾਈਚਾਰੇ ਵੱਲੋਂ ਫੇਸਬੁੱਕ 'ਤੇ ਕੀਤਾ ਗਿਆ ਹੈ। 

'Pakistani Hindus Youth Forum' ਅਤੇ 'Sindhi Hindu Student Federation of Pakistan' ਨਾਮ ਨਾਲ ਚੱਲ ਰਹੇ ਫੇਸਬੁੱਕ ਪੇਜ 'ਤੇ ਪਿਛਲੇ ਕੁਝ ਮਹੀਨਿਆਂ ਦੌਰਾਨ ਜ਼ਬਰਦਸਤੀ ਧਰਮ ਪਰਿਵਰਤਨ ਜਾਂ ਅਗਵਾ ਜਿਹੀਆਂ 50 ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਸੂਚੀ ਵਿਚ ਪਹਿਲਾ ਨਾਮ ਕੋਮਲ ਦਾ ਲਿਖਿਆ ਗਿਆ ਹੈ ਜੋ ਕਿ ਪਾਕਿਸਤਾਨ ਦੇ ਟੈਂਡੋ ਅਲਿਯਾਰ ਇਲਾਕੇ ਦੀ ਰਹਿਣ ਵਾਲੀ ਹੈ। ਇਸ ਦੇ ਬਾਅਦ ਕਰਾਚੀ ਦੀ ਲਕਸ਼ਮੀ ਅਤੇ ਸੋਨੀਆ ਦਾ ਨਾਮ ਹੈ।ਇਸ ਵਿਚ ਪਾਕਿਸਤਾਨ ਦੇ ਵਿਭਿੰਨ ਸੂਬਿਆਂ ਦੀ ਰਹਿਣ ਵਾਲੀਆਂ ਕੁੜੀਆਂ ਦਾ ਜ਼ਿਕਰ ਹੈ। ਤਾਜ਼ਾ ਮਾਮਲਿਆਂ ਦੀ ਗੱਲ ਕਰੀਏ ਤਾਂ ਇਸ ਸੂਚੀ ਵਿਚ ਸ਼ਾਂਤੀ, ਸਰਮੀ ਮੇਘਵਾੜ ਅਤੇ ਮਹਿਕ ਦਾ ਨਾਮ ਸ਼ਾਮਲ ਹੋ ਚੁੱਕਾ ਹੈ। 

ਦੱਸਿਆ ਜਾ ਰਿਹਾ ਹੈ ਕਿ ਹਿੰਦੂ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੀ ਨਾਬਾਲਗ ਕੁੜੀ ਮਹਿਕ ਨੂੰ 15 ਜਨਵਰੀ ਨੂੰ ਸਿੰਧ ਸੂਬੇ ਦੇ ਜੈਕੋਬਾਬਾਦ ਜ਼ਿਲੇ ਤੋਂ ਅਗਵਾ ਕਰ ਲਿਆ ਗਿਆ ਸੀ। ਪਾਕਿਸਤਾਨ ਵਿਚ ਇਸ ਮੁੱਦੇ ਨੂੰ ਹੁਣ ਸੋਸ਼ਲ ਮੀਡੀਆ ਜ਼ਰੀਏ ਚੁੱਕਿਆ ਜਾ ਰਿਹਾ ਹੈ। ਅਜਿਹੇ ਮਾਮਲਿਆਂ ਵਿਚ ਪਾਕਿਸਤਾਨ ਸਰਕਾਰ ਦਾ ਰਵੱਈਆ ਢਿੱਲਾ ਹੈ। ਇਸ ਤਰ੍ਹਾਂ ਦੇ ਮਾਮਲੇ ਸਥਾਨਕ ਮੀਡੀਆ ਵਿਚ ਵੀ ਸੁਰਖੀਆਂ ਨਹੀਂ ਬਣ ਰਹੇ। ਮੀਡੀਆ ਵੱਲੋਂ ਕੋਈ ਕਵਰੇਜ ਨਾ ਮਿਲਣ 'ਤੇ ਘੱਟ ਗਿਣਤੀ ਭਾਈਚਾਰਾ ਹੁਣ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਸੋਸ਼ਲ ਮੀਡੀਆ ਜ਼ਰੀਏ ਸਾਹਮਣੇ ਲਿਆਉਣ ਵਿਚ ਜੁਟ ਗਿਆ ਹੈ। 'Pakistani Hindus Youth Forum' ਨਾਮ ਨਾਲ ਬਣੇ ਇਕ ਪੇਜ 'ਤੇ 30,702 ਲਾਈਕਸ ਵੀ ਹਨ। ਹੁਣ ਇਸ ਪੇਜ ਦੀ ਮਦਦ ਨਾਲ ਹੀ ਮੁਹਿੰਮ ਛੇੜੀ ਗਈ ਹੈ, ਜਿਸ ਵਿਚ ਪਾਕਿਸਤਾਨ ਦੇ ਉਦਾਰਵਾਦੀ ਲੋਕਾਂ ਨੂੰ ਮਹਿਕ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ। 

ਇਸ ਪੇਜ 'ਤੇ ਸ਼ਨੀਵਾਰ ਸ਼ਾਮ ਇਕ ਪੋਸਟ ਕੀਤੀ ਗਈ ਜਿਸ ਵਿਚ ਲਿਖਿਆ ਗਿਆ ਕਿ ਪਾਕਿਸਤਾਨੀ ਹਿੰਦੂਆਂ ਦੇ ਨਾਲ ਇਸ ਤਰ੍ਹਾਂ ਦੀ ਬੇਰਹਿਮੀ ਕੀਤੀ ਜਾ ਰਹੀ ਹੈ। 9ਵੀਂ ਜਮਾਤ ਵਿਚ ਪੜ੍ਹਨ ਵਾਲੀ ਮਹਿਕ ਕੁਮਾਰੀ ਨੂੰ ਕੁਝ ਦਿਨ ਪਹਿਲਾਂ ਅਗਵਾ ਕਰ ਲਿਆ ਗਿਆ ਸੀ, ਹੁਣ ਉਹ ਅਮਰੋਤ ਸ਼ਰੀਫ ਵਿਚ ਹੈ। ਪੋਸਟ ਵਿਚ ਅੱਗੇ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਮਾਮਲੇ ਬਾਰ-ਬਾਰ ਹੋ ਰਹੇ ਹਨ ਪਰ ਇਹਨਾਂ ਦਾ ਕੋਈ ਹੱਲ ਨਹੀਂ। ਇਹੀ ਨਹੀਂ ਇਸ ਪੇਜ 'ਤੇ ਸ਼ਨੀਵਾਰ ਦੀ ਸਵੇਕ ਇਰ ਹੋਰ ਪੋਸਟ ਕੀਤੀ ਗਈ ਜਿਸ ਵਿਚ ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਘੱਟ ਗਿਣਤੀ ਕੁੜੀਆਂ ਦੇ ਅਗਵਾ ਅਤੇ ਧਰਮ ਤਬਦੀਲੀ ਨਾਲ ਜੁੜੀਆਂ ਸੂਚੀਆਂ ਅਪਲੋਡ ਕੀਤੀਆਂ ਗਈਆਂ ਹਨ।  ਇਸ ਸੂਚੀ ਵਿਚ ਇਸ ਤਰ੍ਹਾਂ ਦੀਆਂ ਕੁੱਲ 50 ਪੀੜਤਾਂ ਦੇ ਨਾਲ ਦੱਸੇ ਗਏ ਹਨ। 
ਸੂਚੀ ਵਿਚ ਮਹਿਕ ਦਾ ਨਾਮ 50ਵੀਂ ਪੀੜਤਾ ਦੇ ਤੌਰ 'ਤੇ  ਦਰਸਾਇਆ ਗਿਆ ਹੈ। ਰਿਪੋਰਟ ਦੇ ਮੁਤਾਬਕ ਪਾਕਿਸਤਾਨ ਵਿਚ ਸਿਰਫ ਇਕ ਇਹੀ ਫੇਸਬੁੱਕ ਪੇਜ ਨਹੀਂ ਹੈ ਜੋ ਇਹਨਾਂ ਮੁੱਦਿਆਂ ਨੂੰ ਚੁੱਕ ਰਿਹਾ ਹੈ ਸਗੋਂ 'ਸਿੰਧੀ ਹਿੰਦੂ ਸਟੂਡੈਂਟ ਫੈਡਰੇਸ਼ਨ ਆਫ ਪਾਕਿਸਤਾਨ' ਨਾਮ ਦਾ ਪੇਜ ਵੀ ਲਗਾਤਾਰ ਅਜਿਹੇ ਹੋਰ ਮਾਮਲਿਆਂ ਨੂੰ ਚੁੱਕ ਰਿਹਾ ਹੈ।

Vandana

This news is Content Editor Vandana