ਪਾਕਿ : ਮਹਿਲਾ ਨਾਲ ਸਮੂਹਿਕ ਜਬਰ-ਜ਼ਨਾਹ, ਦੋਸ਼ੀਆਂ ਨੇ ਸੁੱਟਿਆ ਐਸਿਡ ਤੇ ਕੱਟੇ ਵਾਲ

05/21/2019 5:33:24 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੁਝ ਨਕਾਬਪੋਸ਼ ਹਮਲਾਵਰਾਂ ਨੇ ਬੰਦੂਕ ਦੀ ਨੋਕ 'ਤੇ ਇਕ ਮਹਿਲਾ ਨਾਲ ਸਮੂਹਿਕ ਬਲਾਤਕਾਰ ਕੀਤਾ। ਸਿਰਫ ਇੰਨਾ ਹੀ ਨਹੀਂ ਇਸ ਮਗਰੋਂ ਨਕਾਬਪੋਸ਼ਾਂ ਹਮਲਾਵਰਾਂ ਨੇ ਮਹਿਲਾ 'ਤੇ ਤੇਜ਼ਾਬ ਸੁੱਟਿਆ ਅਤੇ ਉਸ ਦੇ ਵਾਲ ਕੱਟ ਦਿੱਤੇ। ਪਾਕਿਸਤਾਨ ਪੁਲਸ ਨੇ ਇਹ ਜਾਣਕਾਰੀ ਦਿੱਤੀ।

ਜਾਣਕਾਰੀ ਮੁਤਾਬਕ 32 ਸਾਲਾ ਪੀੜਤਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਫਤਹਿਪੁਰ ਸਥਿਤ ਆਪਣੇ ਘਰ ਵਿਚ ਬੱਚਿਆਂ ਨਾਲ ਸੌਂ ਰਹੀ ਸੀ। ਉਸੇ ਵੇਲੇ ਦੋ ਨਕਾਬਪੋਸ਼ ਉਸ ਦੇ ਘਰ ਵਿਚ ਦਾਖਲ ਹੋ ਗਏ। ਉਨ੍ਹਾਂ ਨੇ ਬੰਦੂਕ ਦੀ ਨੋਕ 'ਤੇ ਮਹਿਲਾ ਨੂੰ ਬੰਦੀ ਬਣਾ ਕੇ ਉਸ ਦਾ ਬਲਾਤਕਾਰ ਕੀਤਾ। ਇਸ ਦੇ ਬਾਅਦ ਮਹਿਲਾ ਦੀ ਪਿੱਠ, ਸੱਜੇ ਹੱਥ ਅਤੇ ਪੈਰ 'ਤੇ ਤੇਜ਼ਾਬ ਸੁੱਟਿਆ। ਤੇਜ਼ਾਬ ਪਾਉਣ ਦੇ ਬਾਅਦ ਇਨ੍ਹਾਂ ਹਮਲਾਵਰਾਂ ਨੇ ਮਹਿਲਾ ਦੇ ਵਾਲ ਵੀ ਕੱਟੇ। 

ਮਹਿਲਾ ਦਾ ਪਤੀ ਕਰਾਚੀ ਵਿਚ ਰਹਿੰਦਾ ਹੈ। ਘਟਨਾ ਦੇ ਬਾਅਦ ਹਮਲਾਵਰ ਭੱਜਣ ਵਿਚ ਸਫਲ ਰਹੇ। ਪਾਕਿਸਤਾਨ ਦੀ ਇਕ ਅਖਬਾਰ ਮੁਤਾਬਕ ਮਹਿਲਾ ਨੂੰ ਬਾਅਦ ਵਿਚ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਮੁਹੰਮਦ ਸਲੀਮ ਨੇ ਕਿਹਾ ਕਿ ਮਹਿਲਾ ਦੇ ਘਰੋਂ ਹਮਲਾਵਰਾਂ ਦੇ ਫਿੰਗਰਪ੍ਰਿੰਟ ਲੈ ਲਏ ਗਏ ਹਨ ਅਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ।

Vandana

This news is Content Editor Vandana