ਕੋਰੋਨਾਵਾਇਰਸ ਕਾਰਨ ਪਾਕਿ ਨੇ ਈਰਾਨ ਜਾਣ ਵਾਲੀਆਂ ਉਡਾਣਾਂ ''ਤੇ ਲਾਈ ਰੋਕ

02/28/2020 5:24:21 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਸਰਕਾਰ ਨੇ ਦੇਸ਼ ਵਿਚ ਕੋਰੋਨਾਵਾਇਰਸ ਦੇ 2 ਮਾਮਲਿਆਂ ਦੀ ਪੁਸ਼ਟੀ ਹੋਣ ਦੇ ਬਾਅਦ ਈਰਾਨ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਗੁਆਂਢੀ ਦੇਸ਼ ਦੇ ਨਾਲ ਲੱਗਣ ਵਾਲੀ ਜ਼ਮੀਨੀ ਸੀਮਾ ਨੂੰ ਵੀ ਸੀਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਜਿਹੜੇ ਦੋ ਲੋਕਾਂ ਵਿਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ ਉਹ ਹਾਲ ਹੀ ਵਿਚ ਇਸਲਾਮਿਕ ਰੀਪਬਲਿਕ ਤੋਂ ਵਾਪਸ ਆਏ ਹਨ।  

ਪਾਕਿਸਤਾਨ ਤੋਂ ਚੀਨ ਅਤੇ ਅਫਗਾਨਿਸਤਾਨ ਲਈ ਜਹਾਜ਼ ਸੇਵਾਵਾਂ ਹਾਲੇ ਵੀ ਜਾਰੀ ਹਨ ਅਤੇ ਇਹਨਾਂ ਦੋਹਾਂ ਦੇਸ਼ਾਂ ਦੇ ਨਾਲ ਜ਼ਮੀਨੀ ਸੀਮਾ ਵੀ ਖੁੱਲ੍ਹੀ ਹੈ। ਗੌਰਤਲਬ ਹੈ ਕਿ ਚੀਨ ਕੋਰੋਨਾਵਾਇਰਸ ਦਾ ਕੇਂਦਰ ਹੈ ਅਤੇ ਇੱਥੋਂ ਹੀ ਇਸ ਜਾਨਲੇਵਾ ਵਾਇਰਸ ਦੀ ਸ਼ੁਰੂਆਤ ਹੋਈ ਹੈ। ਅਫਗਾਨਿਸਤਾਨ ਵਿਚ ਵੀ ਇਸ ਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਇਸੇ ਹਫਤੇ ਹੋਈ ਹੈ। ਪਾਕਿਸਤਾਨ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਦੇ ਬੁਲਾਰੇ ਅਬਦੁੱਲ ਸੱਤਾਰ ਖੋਖਰ ਨੇ ਦੱਸਿਆ,''ਹਵਾਬਾਜ਼ੀ ਵਿਭਾਗ ਨੇ ਪਾਕਿਸਤਾਨ ਅਤੇ ਈਰਾਨ ਦੇ ਵਿਚ ਸੰਚਾਲਿਤ ਹੋਣ ਵਾਲੀਆਂ ਸਾਰੀਆਂ ਸਿੱਧੀਆਂ ਜਹਾਜ਼ ਸੇਵਾਵਾਂ ਨੂੰ ਰੋਕਣ ਦਾ ਫੈਸਲਾ ਕੀਤਾ ਹੈ।''

ਪਾਕਿਸਤਾਨ ਏਅਰਲਾਈਨਜ਼ ਦੋਹਾਂ ਦੇਸ਼ਾਂ ਦੇ ਵਿਚ ਕਿਸੇ ਜਹਾਜ਼ ਦਾ ਸੰਚਾਲਨ ਨਹੀਂ ਕਰਦੀ ਹੈ। ਇਸ ਦਾ ਮਤਲਬ ਹੋਇਆ ਕਿ ਇਸ ਫੈਸਲੇ ਦਾ ਅਸਰ ਈਰਾਨ ਦੀਆਂ 3 ਹਵਾਬਾਜ਼ੀ ਕੰਪਨੀਆਂ 'ਤੇ ਹੋਵੇਗਾ, ਜਿਹਨਾਂ ਵਿਚ ਈਰਾਨ ਏਅਰ, ਮਹਾਨ ਏਅਰ ਅਤੇ ਤਬਾਨ ਏਅਰ ਸ਼ਾਮਲ ਹਨ। ਕੋਰੋਨਾਵਾਇਰਸ ਦੇ ਕਾਰਨ ਹੁਣ ਤੱਕ ਪੂਰੀ ਦੁਨੀਆ ਵਿਚ 2,856 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 83 ਹਜ਼ਾਰ ਲੋਕ ਇਸ ਨਾਲ ਪ੍ਰਭਾਵਿਤ ਹਨ। ਇਸ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਭਾਵੇਂਕਿ ਖੇਤਰ ਵਿਚ ਈਰਾਨ ਕੋਰੋਨਾਵਾਇਰਸ ਦਾ ਸਭ ਤੋਂ ਵੱਡਾ ਕੇਂਦਰ ਬਣ ਕੇ ਉਭਰਿਆ ਹੈ ਅਤੇ ਇੱਥੇ ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 245 ਲੋਕ ਇਨਫੈਕਟਿਡ ਹੋਏ ਹਨ।

Vandana

This news is Content Editor Vandana