ਪਾਕਿ ਮੰਤਰੀ ਹੋਏ ਟਰੋਲ, ਕਿਹਾ-''ਸੈਟੇਲਾਈਟ ਜ਼ਰੀਏ ਕਸ਼ਮੀਰੀਆਂ ਨੂੰ ਦੇਵਾਂਗੇ ਇੰਟਰਨੈੱਟ''

11/15/2019 1:24:58 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਵਿਗਿਆਨ ਅਤੇ ਤਕਨੀਕੀ ਮੰਤਰੀ ਫਵਾਦ ਚੌਧਰੀ ਕਸ਼ਮੀਰ ਦੇ ਲੋਕਾਂ ਨੂੰ ਇੰਟਰਨੈੱਟ ਸਹੂਲਤ ਦੇਣ 'ਤੇ ਕੰਮ ਕਰ ਰਹੇ ਹਨ। ਫਵਾਦ ਨੇ ਕਿਹਾ ਕਿ ਅੱਜ-ਕਲ੍ਹ ਇੰਟਰਨੈੱਟ ਨੂੰ ਮੌਲਿਕ ਅਧਿਕਾਰ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਵੀਰਵਾਰ ਨੂੰ ਟਵੀਟ ਕਰ ਕੇ ਜੰਮੂ-ਕਸ਼ਮੀਰ ਵਿਚ ਸੈਟੇਲਾਈਟ ਜ਼ਰੀਏ ਇੰਟਰਨੈੱਟ ਸਹੂਲਤ ਦੇਣ ਦੀ ਗੱਲ ਕਹੀ। ਇਸ 'ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਨੂੰ ਜੰਮ ਕੇ ਟਰੋਲ ਕੀਤਾ। 

 

ਫਵਾਦ ਚੌਧਰੀ ਨੇ ਆਪਣੇ ਟਵੀਟ ਵਿਚ ਲਿਖਿਆ,''ਅੱਜ ਦੁਨੀਆ ਵਿਚ ਇੰਟਰਨੈੱਟ ਲੋਕਾਂ ਦਾ ਮੌਲਿਕ ਅਧਿਕਾਰ ਹੈ ਪਰ ਜੰਮੂ-ਕਸ਼ਮੀਰ ਵਿਚ ਇਹ ਸਹੂਲਤ ਨਹੀਂ ਹੈ। ਮੈਂ ਐੱਸ.ਯੂ.ਪੀ.ਏ.ਆਰ.ਸੀ.ਓ. (Space and Upper Atmosphere Research Commission) ) ਨੂੰ ਇਕ ਚਿੱਠੀ ਲਿਖੀ ਹੈ, ਜਿਸ ਵਿਚ ਪੁੱਛਿਆ ਹੈ ਕੀ ਜੰਮੂ-ਕਸ਼ਮੀਰ ਵਿਚ ਸੈਟੇਲਾਈਟ ਜ਼ਰੀਏ ਇੰਟਰਨੈੱਟ ਸੇਵਾ ਦੇ ਸਕਦੇ ਹਾਂ?'' ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਾਕਿਸਤਾਨੀ ਮੰਤਰੀ ਨੂੰ ਆਪਣੇ ਦੇਸ਼ ਦੀ ਪੁਲਾੜ ਏਜੰਸੀ ਦਾ ਨਾਮ ਵੀ ਨਹੀਂ ਪਤਾ। ਪਾਕਿਸਤਾਨ ਦੀ ਪੁਲਾੜ ਏਜੰਸੀ ਦਾ ਨਾਮ SUPARCO ਹੈ ਪਰ ਮੰਤਰੀ ਨੇ ਆਪਣੇ ਟਵੀਟ ਵਿਚ ਇਸ ਨੂੰ SPRACO ਲਿਖਿਆ ਹੈ। ਇਸ 'ਤੇ ਹੀ ਯੂਜ਼ਰਸ ਨੇ ਜੰਮ ਕੇ ਟਰੋਲ ਕੀਤਾ ਹੈ।

ਇੱਥੇ ਦੱਸ ਦਈਏ ਕਿ ਐੱਸ.ਯੂ.ਪੀ.ਏ.ਆਰ.ਸੀ.ਓ. ਪਾਕਿਸਤਾਨ ਦੀ ਕਾਰਜਕਾਰੀ ਅਤੇ ਨੈਸ਼ਨਲ ਸਪੇਸ ਏਜੰਸੀ ਅਤੇ ਚੀਨ ਦੇ ਨੈਸ਼ਨਲ ਸਪੇਸ ਪ੍ਰਸ਼ਾਸਨ ਦੇ ਵਿਚ ਦਾ ਦੋ-ਪੱਖੀ ਸੰਗਠਨ ਹੈ। ਇਹ ਪਾਕਿਸਤਾਨ ਦੀ ਜਨਤਕ ਅਤੇ ਸਿਵਲ ਸਪੇਸ ਪ੍ਰੋਗਰਾਮ ਦੇ ਨਾਲ ਹੀ ਐਰੋਨਾਟਿਕਸ ਅਤੇ ਏਅਰੋਸਪੇਸ ਖੋਜ ਲਈ ਕੰਮ ਕਰਦੀ ਹੈ। ਇਕ ਯੂਜ਼ਰ ਨੇ ਲਿਖਿਆ,''ਅੱਲਾਹ ਨੇ ਮੂੰਹ ਕੁਝ ਵੀ ਕਹਿਣ ਲਈ ਨਹੀਂ ਦਿੱਤਾ।'' ਇਕ ਹੋਰ ਯੂਜ਼ਰ ਨੇ ਲਿਖਿਆ,''ਸੈਟੇਲਾਈਟ ਯੁੱਧ ਦੀ ਖੇਡ ਨਾ ਖੇਡੋ, ਇਹ ਪਾਕਿਸਤਾਨ ਲਈ ਬਹੁਤ ਬੁਰਾ ਹੋਵੇਗਾ।''

Vandana

This news is Content Editor Vandana