ਪਾਕਿ ''ਚ ਬੰਬ ਧਮਾਕਾ, 6 ਵਿਅਕਤੀਆਂ ਦੀ ਮੌਤ ਤੇ 22 ਹੋਰ ਜ਼ਖਮੀ

08/11/2020 6:26:00 PM

ਇਸਲਾਮਾਬਾਦ (ਭਾਸ਼ਾ): ਅਫਗਾਨਿਸਤਾਨ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਅਸ਼ਾਂਤ ਚਮਨ ਸ਼ਹਿਰ ਵਿਚ ਨਸਾ ਵਿਰੋਧੀ ਫੋਰਸ ਨੂੰ ਨਿਸ਼ਾਨਾ ਬਣਾ ਕੇ ਇਕ ਸ਼ਕਤੀਸ਼ਾਲੀ ਬੰਬ ਧਮਾਕਾ ਕੀਤਾ ਗਿਆ। ਇਸ ਧਮਾਕੇ ਵਿਚ ਅਰਧਸੈਨਿਕ ਬਲ ਦੇ ਇਕ ਕਰਮੀ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ। ਪੁਲਸ ਦੇ ਮੁਤਾਬਕ ਇਹ ਬੰਬ ਧਮਾਕਾ ਅਸ਼ਾਂਤ ਬਲੋਚਿਸਤਾਨ ਸੂਬੇ ਦੇ ਚਮਨ ਸ਼ਹਿਰ ਵਿਚ ਸੋਮਵਾਰ ਸ਼ਾਮ ਹਾਜੀ ਨਿਦਾ ਬਾਜ਼ਾਰ ਵਿਚ ਹੋਇਆ। 

ਪੁਲਸ ਦੇ ਇਕ ਅਧਿਕਾਰੀ ਨੇ ਕਿਹਾ,''ਸੜਕ ਕਿਨਾਰੇ ਖੜ੍ਹੀ ਇਕ ਮੋਟਰਸਾਈਕਲ 'ਤੇ 6 ਤੋਂ 7 ਕਿਲੋਗ੍ਰਾਮ ਵਿਸਫੋਟਕ ਲਗਾਇਆ ਗਿਆ ਸੀ ਅਤੇ ਇਕ ਵਿਚ ਇਕ ਰਿਮੋਟ ਕੰਟਰੋਲ ਨਾਲ ਧਮਾਕਾ ਕੀਤਾ ਗਿਆ।'' ਅਧਿਕਾਰੀ ਨੇ ਦੱਸਿਆ ਕਿ ਇਸ ਬੰਬ ਧਮਾਕੇ ਵਿਚ ਫਰੰਟੀਅਰ ਕੋਰ ਦੇ ਇਕ ਕਰਮੀ ਸਮੇਤ ਘੱਟੋ-ਘੱਟ 6 ਵਿਅਕਤੀ ਮਾਰੇ ਗਏ ਅਤੇ 22 ਹੋਰ ਜ਼ਖਮੀ ਹੋ ਗਏ।'' ਉਹਨਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਕ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਜ਼ਖਮੀਆਂ ਵਿਚੋਂ 10 ਦੀ ਹਾਲਤ ਨਾਜੁਕ ਦੱਸੀ ਗਈ ਹੈ। ਕਿਸੇ ਵੀ ਸਮੂਹ ਨੇ ਇਸ ਬੰਬ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਅਧਿਕਾਰੀ ਨੇ ਕਿਹਾ,''ਅਜਿਹਾ ਲੱਗਦਾ ਹੈ ਕਿ ਇਹ ਅੱਤਵਾਦੀ ਕਾਰਵਾਈ ਹੈ ਅਤੇ ਇਸ ਦਾ ਉਦੇਸ਼ ਚਮਨ ਵਿਚ ਦਹਿਸ਼ਤ ਅਤੇ ਹਫੜਾ-ਦਫੜੀ ਦਾ ਮਾਹੌਲ ਪੈਦਾ ਕਰਨਾ ਸੀ।'' ਡਾਨ ਅਖਬਾਰ ਦੀ ਖਬਰ ਦੇ ਮੁਤਾਬਕ ਧਮਾਕੇ ਦੇ ਜ਼ਰੀਏ ਨਸ਼ਾ ਵਿਰੋਧੀ ਫੋਰਸ ਦੀ ਇਕ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ। ਧਮਾਕੇ ਦੇ ਕਾਰਨ ਨੇੜਲੇ ਘਰਾਂ ਅਤੇ ਦੁਕਾਨਾਂ ਦੇ ਸ਼ੀਸ਼ੇ ਟੁੱਟ ਗਏ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੀ.ਐੱਮ. ਦਫਤਰ ਦੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤੇ ਗਏ ਇਕ ਬਿਆਨ ਵਿਚ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਜਨਹਾਨੀ 'ਤੇ ਦੁੱਖ ਪ੍ਰਗਟ ਕੀਤਾ। ਇਸ ਵਿਚ ਬਲੋਚਿਸਤਾਨ ਦੇ ਹੁਬ ਨਗਰ ਵਿਚ ਗੈਸ ਸਟੇਸਨ 'ਤੇ ਹੋਏ ਇਕ ਹੋਰ ਧਮਾਕੇ ਦੀ ਘਟਨਾ ਵਿਚ ਫਰੰਟੀਅਰ ਕੋਰ ਦੇ ਚਾਰ ਕਰਮੀਆਂ ਸਮੇਤ 8 ਲੋਕ ਜ਼ਖਮੀ ਹੋ ਗਏ।


Vandana

Content Editor

Related News