ਪਾਕਿ : 18 ਸਾਲ ਤੋਂ ਜੇਲ ''ਚ ਬੰਦ ਈਸ਼ਨਿੰਦਾ ਦਾ ਦੋਸ਼ੀ ਰਿਹਾਅ

09/26/2019 4:46:28 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਵਿਵਾਦਮਈ ਈਸ਼ਨਿੰਦਾ ਕਾਨੂੰਨ ਦੇ ਦੋਸ਼ਾਂ ਦੇ ਤਹਿਤ 18 ਸਾਲ ਤੋਂ ਜੇਲ ਵਿਚ ਬੰਦ ਇਕ ਕੈਦੀ ਨੂੰ ਦੇਸ਼ ਦੀ ਉੱਚ ਅਦਾਲਤ ਨੇ ਸਬੂਤਾਂ ਦੀ ਕਮੀ ਕਾਰਨ ਰਿਹਾਅ ਕਰ ਦਿੱਤਾ ਹੈ। ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਸੁਪਰੀਮ ਕੋਰਟ ਦੇ ਜੱਜ ਸੱਜਾਦ ਅਲੀ ਸ਼ਾਹ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਜੱਜਾਂ ਦੀ ਬੈਂਚ ਨੇ ਬੁੱਧਵਾਰ ਨੂੰ ਬਾਜਿਹ-ਉਲ-ਹਸਨ ਨੂੰ ਰਿਹਾਅ ਕਰ ਦਿੱਤਾ। ਉਹ ਈਸ਼ਨਿੰਦਾ ਦੇ ਦੋਸ਼ਾਂ ਵਿਚ ਲਾਹੌਰ ਦੀ ਕੋਟ ਲਖਪਤ ਜੇਲ ਵਿਚ ਬੰਦ ਸੀ।

ਹਸਨ ਵਿਰੁੱਧ 1999 ਵਿਚ ਇਕ ਵਕੀਲ ਨੂੰ ਈਸ਼ਨਿੰਦਾ ਵਾਲੀਆਂ ਚਿੱਠੀਆਂ ਲਿਖਣ ਦੇ ਸੰਬੰਧ ਵਿਚ ਮਾਮਲਾ ਦਰਜ ਕੀਤਾ ਗਿਆ ਸੀ। 2001 ਵਿਚ ਇਕ ਲਿਖਤ ਮਾਹਰ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਦੋਸ਼ੀ ਦੀ ਲਿਖਾਈ ਕਥਿਤ ਚਿੱਠੀਆਂ ਨਾਲ ਮੇਲ ਖਾਂਦੀ ਹੈ ਜਿਸ ਦੇ ਬਾਅਦ ਲਾਹੌਰ ਦੀ ਇਕ ਅਦਾਲਤ ਨੇ ਹਸਨ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ। ਲਾਹੌਰ ਹਾਈ ਕੋਰਟ ਨੇ ਫੈਸਲੇ ਨੂੰ ਬਰਕਰਾਰ ਰੱਖਿਆ। ਗੌਰਤਲਬ ਹੈ ਕਿ ਪਾਕਿਸਤਾਨ ਦੀ ਪੀਨਲ ਕੋਡ ਦੀ ਧਾਰਾ ਦੇ ਤਹਿਤ ਈਸ਼ਨਿੰਦਾ ਦੇ ਅਪਰਾਧ ਵਿਚ ਮੌਤ ਦੀ ਸਜ਼ਾ ਸੁਣਾਈ ਜਾ ਸਕਦੀ ਹੈ। 

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਆਪਣੇ ਫੈਸਲੇ ਵਿਚ ਕਿਹਾ ਕਿ ਇਸਤਗਾਸਾ ਪੱਖ ਸ਼ੱਕ ਤੋਂ ਪਰੇ ਇਸ ਗੱਲ ਨੂੰ ਸਾਬਤ ਨਹੀਂ ਕਰ ਸਕਿਆ ਕਿ ਚਿੱਠੀਆਂ ਅਸਲ ਵਿਚ ਉਸ ਨੇ ਹੀ ਲਿਖੀਆਂ ਸਨ। ਇਸ ਮਗਰੋਂ ਮਾਮਲੇ ਨੂੰ ਖਾਰਿਜ ਕਰ ਦਿੱਤਾ ਗਿਆ। ਉੱਚ ਅਦਾਲਤ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਕੋਈ ਪ੍ਰੱਤਖ ਗਵਾਹ ਨਹੀਂ ਹੈ।


Vandana

Content Editor

Related News