ਪਾਕਿ ''ਚ ਜ਼ਰਦਾਰੀ ਦਾ ਇੰਟਰਵਿਊ ਪ੍ਰਸਾਰਿਤ ਕਰਨ ''ਤੇ ਪਾਬੰਦੀ

07/02/2019 4:53:10 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਇਕ ਪ੍ਰਮੁੱਖ ਚੈਨਲ ਨੂੰ ਜੇਲ ਵਿਚ ਬੰਦ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦਾ ਇੰਟਰਵਿਊ ਪ੍ਰਸਾਰਿਤ ਕਰਨ ਤੋਂ ਰੋਕ ਦਿੱਤਾ ਗਿਆ। ਇਸ ਆਦੇਸ਼ ਦੀ ਪੱਤਰਕਾਰਾਂ ਨੇ ਨਿੰਦਾ ਕੀਤੀ ਅਤੇ ਇਮਰਾਨ ਖਾਨ ਸਰਕਾਰ 'ਤੇ ਪ੍ਰੈੱਸ ਦੀ ਆਜ਼ਾਦੀ ਨੂੰ ਦਬਾਉਣ ਦਾ ਦੋਸ਼ ਲਗਾਇਆ। ਭ੍ਰਿਸ਼ਟਾਚਾਰ ਵਿਰੋਧੀ ਬੌਡੀ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਦੀ ਹਿਰਾਸਤ ਵਿਚ ਕੈਦ ਜ਼ਰਦਾਰੀ (63) ਨੇ ਜੀਓ ਨਿਊਜ਼ ਦੇ ਸੀਨੀਅਰ ਪੱਤਰਕਾਰ ਹਾਮਿਦ ਮੀਰ ਨੂੰ ਇੰਟਰਵਿਊ ਦਿੱਤਾ ਸੀ।

 

ਉਸ ਸਮੇਂ ਨੈਸ਼ਨਲ ਅਸੈਂਬਲੀ ਸਕੱਤਰੇਤ ਨੇ ਜ਼ਰਦਾਰੀ ਨੂੰ ਸੰਸਦ ਦੇ ਸੈਸ਼ਨ ਵਿਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਹੋਈ ਸੀ। ਸੋਮਵਾਰ ਰਾਤ ਮੀਰ 8 ਵਜੇ ਦੇ ਪ੍ਰੋਗਰਾਮ 'ਕੈਪੀਟਲ ਟਾਕ' ਦੀ ਮੇਜ਼ਬਾਨੀ ਕਰ ਰਹੇ ਸਨ। ਉਸੇ ਦੌਰਾਨ ਚੈਨਲ ਨੇ ਜ਼ਰਦਾਰੀ ਦਾ ਇੰਟਰਵਿਊ ਦਿਖਾਉਣਾ ਸ਼ੁਰੂ ਕੀਤਾ ਪਰ 5 ਮਿੰਟ ਦੇ ਅੰਦਰ ਹੀ ਇੰਟਰਵਿਊ ਦਾ ਪ੍ਰਸਾਰਣ ਰੋਕ ਦਿੱਤਾ ਗਿਆ ਅਤੇ ਹੋਰ ਖਬਰਾਂ ਦਿਖਾਈਆਂ ਜਾਣ ਲੱਗੀਆਂ। ਬਾਅਦ ਵਿਚ ਚੈਨਲ ਨੇ ਐਲਾਨ ਕੀਤਾ ਕਿ ਇੰਟਰਵਿਊ ਨਹੀਂ ਦਿਖਾਇਆ ਜਾਵੇਗਾ। 

 

ਮੀਰ ਨੇ ਇਸ 'ਤੇ ਟਵੀਟ ਕੀਤਾ,''ਮੈਂ ਆਪਣੇ ਦਰਸ਼ਕਾਂ ਨੂੰ ਇਸ ਗੱਲ ਲਈ ਸਿਰਫ ਅਫਸੋਸ ਪ੍ਰਗਟ ਕਰ ਸਕਦਾ ਹਾਂ ਕਿ ਜੀਓ ਨਿਊਜ਼ 'ਤੇ ਇੰਟਰਵਿਊ ਸ਼ੁਰੂ ਕੀਤਾ ਗਿਆ ਸੀ  ਅਤੇ ਉਸ ਨੂੰ ਰੋਕ ਦਿੱਤਾ ਗਿਆ। ਮੈਂ ਜਲਦੀ ਹੀ ਸਾਰੀਆਂ ਗੱਲਾਂ ਸਾਹਮਣੇ ਰੱਖਾਂਗਾ ਪਰ ਇਹ ਸਮਝਣਾ ਆਸਾਨ ਹੈ ਕਿ ਕਿਸ ਨੇ ਇਸ ਨੂੰ ਰੋਕ ਦਿੱਤਾ? ਅਸੀਂ ਇਕ ਆਜ਼ਾਦ ਦੇਸ਼ ਵਿਚ ਨਹੀਂ ਰਹਿ ਰਹੇ।'' ਉਨ੍ਹਾਂ ਨੇ ਕਿਹਾ,''ਮੈਨੂੰ ਦੁਨੀਆ ਭਰ ਵਿਚੋਂ ਫੋਨ ਆ ਰਹੇ ਹਨ। ਲੋਕ ਪੁੱਛ ਰਹੇ ਹਨ ਕੀ ਹੋਇਆ? ਪਾਕਿਸਤਾਨ ਸਰਕਾਰ ਦੇਸ਼ ਨੂੰ ਬਦਨਾਮ ਕਰ ਰਹੀ ਹੈ। ਅਜਿਹੇ ਵਿਚ ਦੁਸ਼ਮਣਾਂ ਦੀ ਲੋੜ ਹੀ ਨਹੀਂ ਰਹਿ ਜਾਂਦੀ।''

 

ਕੁਝ ਪੱਤਰਕਾਰਾਂ ਨੇ ਜ਼ਰਦਾਰੀ ਦਾ ਇੰਟਰਵਿਊ ਕਰਨ 'ਤੇ ਮੀਰ ਦੀ ਨਿੰਦਾ ਕੀਤੀ ਹੈ ਜਦਕਿ ਹੋਰਾਂ ਨੇ ਉਸ ਦਾ ਸਾਥ ਦਿੱਤਾ ਅਤੇ ਕਿਹਾ ਕਿ ਇੰਟਰਵਿਊ ਨੂੰ ਰੋਕਿਆ ਜਾਣਾ ਸੈਂਸਰਸ਼ਿਪ ਹੈ। ਏਸ਼ੀਆ ਡੈਸਕ ਆਫ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਨੇ ਇਸ ਨੂੰ ਪ੍ਰੈੱਸ ਦੀ ਆਜ਼ਾਦੀ ਦੀ ਉਲੰਘਣਾ ਦੱਸਿਆ।


Vandana

Content Editor

Related News