ਪਾਕਿ ਨੇ ISI ਦੇ ਸਾਬਕਾ ਚੀਫ ਅਸਦ ਦੁਰਾਨੀ ਨੂੰ ਦੱਸਿਆ ਭਾਰਤ ਦਾ ''ਜਾਸੂਸ''

01/28/2021 1:26:35 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਨੇ ਆਪਣੀ ਹੀ ਖੁਫੀਆ ਏਜੰਸੀ ਇੰਟਰ-ਸਰਵਿਸਿਜ ਇੰਟੈਂਲੀਜੈਂਸ (ਆਈ.ਐੱਸ.ਆਈ.) ਦੇ ਪ੍ਰਮੁੱਖ ਰਹੇ ਰਿਟਾਇਰਡ ਲੈਫਟੀਨੈਂਟ ਜਨਰਲ ਅਸਦ ਦੁਰਾਨੀ ਨੂੰ ਭਾਰਤ ਦਾ ਜਾਸੂਸ ਦੱਸਿਆ ਹੈ। ਪਾਕਿਸਤਾਨੀ ਰੱਖਿਆ ਮੰਤਰਾਲੇ ਨੇ ਲਿਖਤੀ ਜਵਾਬ ਵਿਚ ਇਸਲਾਮਾਬਾਦ ਹਾਈ ਕੋਰਟ ਨੂੰ ਦੁਰਾਨੀ ਦਾ ਨਾਮ ਐਗਜ਼ਿਟ ਕੰਟਰੋਲ ਲਿਸਟ (ਈ.ਸੀ.ਐੱਲ.) ਵਿਚੋਂ ਨਾ ਹਟਾਉਣ ਦੀ ਅਪੀਲ ਕੀਤੀ ਹੈ। ਰੱਖਿਆ ਮੰਤਰਾਲੇ ਨੇ ਕੋਰਟ ਨੂੰ ਕਿਹਾ ਹੈ ਕਿ ਉਸ ਕੋਲ ਸਬੂਤ ਹਨ ਜੋ ਦੱਸਦੇ ਹਨ ਕਿ ਦੁਰਾਨੀ ਸਾਲ 2008 ਤੋਂ ਭਾਰਤੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (RAW) ਦੇ ਸੰਪਰਕ ਵਿਚ ਰਹੇ ਹਨ।

ਦੁਰਾਨੀ ਨਾਲ ਨਾਰਾਜ਼ ਹੈ ਪਾਕਿ ਸੈਨਾ ਅਤੇ ਸਰਕਾਰ
ਅਸਦ ਦੁਰਾਨੀ ਦਾ ਨਾਮ ਅਕਸਰ ਭਾਰਤੀ ਖੁਫੀਆ ਏਜੰਸੀ ਰੌ ਦੇ ਸਾਬਕਾ ਪ੍ਰਮੁੱਖ ਏ.ਐੱਸ. ਦੁੱਲਤ ਦੇ ਨਾਲ ਜੋੜਿਆ ਜਾਂਦੋਸ਼ਦਾ ਹੈ।ਇਹਨਾਂ ਦੋਹਾਂ ਸਾਬਕਾ ਪ੍ਰਮੁੱਖਾਂ ਨੇ ਇਕੱਠੇ ਮਿਲ ਕੇ 'ਦੀ ਸਪਾਈ ਕ੍ਰੌਨੀਕਲਸ: ਰੌ, ਆਈ.ਐੱਸ.ਆਈ. ਐਂਡ ਦੀ ਇਲਿਊਜ਼ਨ ਆਫ ਪੀਸ' ਨਾਮ ਨਾਲ ਇਕ ਕਿਤਾਬ ਵੀ ਲਿਖੀ ਹੈ। ਇਸ ਕਾਰਨ 2018 ਵਿਚ ਪਾਕਿਸਤਾਨੀ ਸੈਨਾ ਨੇ ਦੁਰਾਨੀ ਨੂੰ ਤਲਬ ਕਰ ਕੇ ਉਹਨਾਂ 'ਤੇ ਮਿਲਟਰੀ ਕੋਡ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਸੀ।

2019 ਵਿਚ ਈ.ਸੀ.ਐੱਲ. ਵਿਚ ਦਰਜ ਹੋਇਆ ਦੁਰਾਨੀ ਦਾ ਨਾਮ
ਅਸਲ ਵਿਚ ਦੁਰਾਨੀ ਨੇ ਇਸਲਾਮਾਬਾਦ ਹਾਈ ਕੋਰਟ ਵਿਚ ਅਪੀਲ ਕਰ ਕੇ ਕਿਹਾ ਸੀ ਕਿ ਸਰਕਾਰ ਨੇ ਉਹਨਾਂ ਦਾ ਨਾਮ ਗਲਤ ਢੰਗ ਨਾਲ ਨੋ ਫਲਾਈ ਲਿਸਟ ਜਾਂ ਐਗਜ਼ਿਟ ਕੰਟਰੋਲ ਲਿਸਟ ਵਿਚ ਸ਼ਾਮਲ ਕੀਤਾ ਹੈ। ਉਹਨਾਂ ਨੇ ਅਦਾਲਤ ਨੂੰ ਕਿਹਾ ਕਿ ਉਹ ਵਿਦੇਸ਼ ਜਾਣਾ ਚਾਹੁੰਦੇ ਹਨ, ਇਸ ਲਈ ਸਰਕਾਰ ਨੂੰ ਉਹਨਾਂ 'ਤੇ ਲੱਗੀਆਂ ਪਾਬੰਦੀਆਂ ਹਟਾ ਦੇਣੀਆਂ ਚਾਹੀਦੀਆਂ ਹਨ। ਪਾਕਿਸਤਾਨ ਨੇ ਦੁਰਾਨੀ ਦਾ ਨਾਮ 2019 ਵਿਚ ਈ.ਸੀ.ਐੱਲ. ਵਿਚ ਸਾਮਲ ਕੀਤਾ ਸੀ।

ਪੜ੍ਹੋ ਇਹ ਅਹਿਮ ਖਬਰ- ਗਣਤੰਤਰ ਦਿਹਾੜੇ ਮੌਕੇ ਭਾਰਤੀ ਅੰਬੈਂਸੀ ਰੋਮ ਦੇ ਬਾਹਰ ਗਰਮ-ਖਿਆਲੀਆਂ ਵਲੋਂ ਪ੍ਰਦਰਸ਼ਨ

ਦੁਰਾਨੀ ਵੱਲੋਂ ਟਿੱਪਣੀ ਕਰਨ ਤੋਂ ਇਨਕਾਰ
ਸਾਬਕਾ ਆਈ.ਐੱਸ.ਆਈ. ਪ੍ਰਮੁੱਖ ਦੁਰਾਨੀ ਨੇ ਇਸ ਮਾਮਲੇ 'ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿਤਾ ਹੈ। ਉਹਨਾਂ ਦਾ ਮੰਨਣਾ ਹੈ ਕਿ ਉਹ ਇਸ ਮਾਮਲੇ ਵਿਚ ਅਦਾਲਤ ਵਿਚ ਜਾਣ ਤੋਂ ਪਹਿਲਾਂ ਤੋਂ ਕੋਈ ਟਿੱਪਣੀ ਨਹੀਂ ਕਰਨਗੇ। ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਨਿਆਂਇਕ ਪ੍ਰਕਿਰਿਆ ਦੇ ਮਾਧਿਅਮ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ਫਰਵਰੀ ਵਿਚ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਕਿਤਾਬ ਵਿਚ ਕੀਤੇ ਗਏ ਅਹਿਮ ਖੁਲਾਸੇ
ਇਸ ਕਿਤਾਬ ਨਾਲ ਪਾਕਿਸਤਾਨੀ ਸੈਨਾ ਦੀ ਬਹੁਤ ਬੇਇੱਜ਼ਤੀ ਹੋਈ ਸੀ। ਹਾਰਪਰ ਕੌਲਿੰਸ ਤੋਂ ਪ੍ਰਕਾਸ਼ਿਤ ਇਸ ਕਿਤਾਬ ਵਿਚ ਕਸ਼ਮੀਰ, ਬੁਰਹਾਨ ਵਾਨੀ, ਹਾਫਿਜ਼ ਸਈਦ, ਕਾਰਗਿਲ ਯੁੱਧ, ਕੁਲਭੂਸ਼ਣ ਜਾਧਵ, ਬਲੋਚਿਸਤਾਨ, ਸਰਜੀਕਲ ਸਟ੍ਰਾਈਕ, ਓਸਾਮਾ ਬਿਨ ਲਾਦੇਨ ਸਮੇਤ ਕਈ ਸੰਵੇਦਨਸ਼ੀਲ ਮੁੱਦਿਆਂ ਦਾ ਜ਼ਿਕਰ ਹੈ। ਉਹਨਾਂ ਨੇ ਆਪਣੀ ਕਿਤਾਬ ਵਿਚ ਦੋਸ਼ ਲਗਾਇਆ ਸੀ ਕਿ ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਦੇ ਕੇਸ ਨੂੰ ਚੰਗੇ ਢੰਗ ਨਾਲ ਨਹੀਂ ਸਾਂਭਿਆ। ਇੰਨਾ ਹੀ ਨਹੀਂ ਓਸਾਮਾ ਦੇ ਨੇਵੀ ਸੀਲ ਵਾਲੇ ਆਪਰੇਸ਼ਨ ਸੰਬੰਧੀ ਉਹਨਾਂ ਨੇ  ਕਿਹਾ ਸੀ ਕਿ ਇਸ ਨੂੰ ਲੈ ਕੇ ਪਾਕਿਸਤਾਨ ਅਤੇ ਅਮਰੀਕਾ ਵਿਚ ਗੁਪਤ ਸਮਝੌਤਾ ਹੋਇਆ ਸੀ।

ਨੋਟ- ਉਕਤ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦੱਸੋ।

Vandana

This news is Content Editor Vandana