ਪਾਕਿ ਰਾਸ਼ਟਰਪਤੀ ਦੀ ਧਮਕੀ- ''ਯੁੱਧ ਹੋਇਆ ਤਾਂ ਜੇਹਾਦ ਨਾਲ ਦੇਵਾਂਗੇ ਜਵਾਬ''

08/14/2019 12:39:07 PM

ਇਸਲਾਮਾਬਾਦ (ਬਿਊਰੋ)— ਜੰਮੂ-ਕਸ਼ਮੀਰ 'ਤੇ ਲਏ ਭਾਰਤ ਸਰਕਾਰ ਦੇ ਫੈਸਲੇ ਨਾਲ ਬੌਖਲਾਏ ਪਾਕਿਸਤਾਨ ਨੇ ਇਕ ਵਾਰ ਫਿਰ ਗਿੱਦੜ ਧਮਕੀ ਦਿੱਤੀ ਹੈ। ਅੱਜ ਗੁਆਂਢੀ ਦੇਸ਼ ਪਾਕਿਸਤਾਨ ਆਪਣਾ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਸ ਮੌਕੇ ਵੀ ਉਹ ਭਾਰਤ ਦਾ ਜ਼ਿਕਰ ਕਰ ਰਿਹਾ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਹੁਣ ਜੇਹਾਦ ਦੀ ਧਮਕੀ ਦਿੱਤੀ ਹੈ। ਉਨ੍ਹਾਂ ਨੇ ਕਿਹਾ,''ਅਸੀਂ ਯੁੱਧ ਨਹੀਂ ਚਾਹੁੰਦੇ ਪਰ ਜੇਕਰ ਭਾਰਤ ਯੁੱਧ ਕਰਦਾ ਹੈ ਤਾਂ ਉਨ੍ਹਾਂ ਕੋਲ ਜੇਹਾਦ ਅਤੇ ਮੁਕਾਬਲਾ ਕਰਨ ਦੇ ਇਲਾਵਾ ਕੋਈ ਹੋਰ ਰਸਤਾ ਨਹੀਂ ਹੋਵੇਗਾ।''

ਦੇਸ਼ ਦੇ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਦਿੱਤੇ ਆਪਣੇ ਸੰਬੋਧਨ ਵਿਚ ਰਾਸ਼ਟਰਪਤੀ ਅਲਵੀ ਨੇ ਕਿਹਾ,''ਅੱਜ ਪੂਰੀ ਦੁਨੀਆ ਦੇਖ ਰਹੀ ਹੈ ਕਿ ਪਾਕਿਸਤਾਨ ਕਸ਼ਮੀਰ ਦੇ ਲੋਕਾਂ ਨਾਲ ਖੜ੍ਹਾ ਹੈ ਅਤੇ ਹਮੇਸ਼ਾ ਉਨ੍ਹਾਂ ਦਾ ਸਾਥ ਦੇਣ ਲਈ ਤਿਆਰ ਹੈ। ਅਸੀਂ ਕਸ਼ਮੀਰੀਆਂ ਦੀ ਮਦਦ ਕਰਨਾ ਬੰਦ ਨਹੀਂ ਕਰਾਂਗੇ।'' ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ (UNSC) ਤੱਕ ਲਿਜਾਏਗਾ। ਰਾਸ਼ਟਰਪਤੀ ਅਲਵੀ ਨੇ ਦੋਸ਼ ਲਗਾਇਆ ਕਿ ਭਾਰਤ ਨੇ ਜੰਮੂ-ਕਸ਼ਮੀਰ 'ਤੇ ਅਜਿਹਾ ਫੈਸਲਾ ਲੈ ਕੇ ਸੰਯੁਕਤ ਰਾਸ਼ਟਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੇ ਭਾਰਤ 'ਤੇ ਸ਼ਿਮਲਾ ਸਮਝੌਤੇ ਨੂੰ ਤੋੜਨ ਦਾ ਵੀ ਦੋਸ਼ ਲਗਾਇਆ ਹੈ। 

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਮਾਮਲੇ 'ਤੇ ਪਾਕਿਸਤਾਨ ਬੌਖਲਾਇਆ ਹੋਇਆ ਹੈ। ਪਾਕਿਸਤਾਨ ਇਹ ਮੰਨਣ ਲਈ ਤਿਆਰ ਨਹੀਂ ਹੈ ਕਿ ਭਾਰਤ ਨੇ ਜਿਹੜਾ ਫੈਸਲਾ ਲਿਆ ਹੈ ਉਹ ਉਸ ਦਾ ਅੰਦਰੂਨੀ ਮਾਮਲਾ ਹੈ।

Vandana

This news is Content Editor Vandana