ਇਮਰਾਨ ਦੀ ਭੈਣ ਦੀ ਵਿਦੇਸ਼ੀ ਜਾਇਦਾਦ ਦੀ ਹੋਵੇ ਜਾਂਚ : ਵਿਰੋਧੀ ਪਾਰਟੀ

01/11/2019 5:34:17 PM

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਨੇਤਾਵਾਂ ਨੇ ਇਮਰਾਨ ਖਾਨ ਸਰਕਾਰ 'ਤੇ ਦੋਹਰੇ ਮਾਪਦੰਡ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਦੀ ਭੈਣ ਅਲੀਮਾ ਖਾਨ ਦੀ ਵਿਦੇਸ਼ਾਂ ਵਿਚਲੀ ਜਾਇਦਾਦਾਂ ਦੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਵਿਰੋਧੀ ਪਾਰਟੀ ਦੇ ਨੇਤਾਵਾਂ ਨੇ ਸਟੇਟ ਬੈਂਕ ਆਫ ਪਾਕਿਸਤਾਨ ਵੱਲੋਂ ਚੋਣ ਕਮਿਸ਼ਨ ਨੂੰ ਹਾਲ ਹੀ ਵਿਚ ਇਕ ਰਿਪੋਰਟ ਸੌਂਪੀ। ਇਸ ਰਿਪੋਰਟ ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ.ਟੀ.ਆਈ.) ਅਤੇ ਅਲੀਮਾ ਖਾਨ ਦੇ ਵਿਦੇਸ਼ਾਂ ਵਿਚ 18 ਗੈਰ ਐਲਾਨੇ ਖਾਤਿਆਂ ਦਾ ਜ਼ਿਕਰ ਹੈ। 

ਸਿੰਧ ਦੇ ਵਰਕਰਜ਼ ਅਤੇ ਸਰਵਿਸਿਜ਼ ਮੰਤਰੀ ਸੈਯਦ ਨਸੀਨ ਹੁਸੈਨ ਸ਼ਾਹ ਨੇ ਕਿਹਾ ਕਿ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਆਸਿਫ ਅਲੀ ਜ਼ਰਦਾਰੀ ਦੀ ਭੈਣ ਫਰਯਾਲ ਤਾਲਪੁਰ ਅਤੇ ਪੀ.ਐੱਮ. ਇਮਰਾਨ ਖਾਨ ਦੀ ਭੈਣ ਦੇ ਮਾਮਲੇ ਵਿਚ ਵੱਖ-ਵੱਖ ਮਾਨਕ ਅਪਨਾਏ ਜਾ ਰਹੇ ਹਨ। ਇਕ ਸਮਾਚਾਰ ਏਜੰਸੀ ਮੁਤਾਬਕ ਪੀ.ਪੀ.ਪੀ. ਦੇ ਸੀਨੀਅਰ ਨੇਤਾ ਅਤੇ ਸੂਬਾਈ ਮੰਤਰੀ ਸਈਦ ਘਨੀ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਅਲੀਮਾ ਖਾਨ ਦੇ ਮਾਮਲੇ ਦੀ ਜਾਂਚ ਲਈ ਸੰਯੁਕਤ ਜਾਂਚ ਟੀਮ ਗਠਿਤ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਮਰਾਨ ਦੀ ਭੈਣ ਨੂੰ ਵੀ ਐਗਜ਼ਿਟ ਕੰਟਰੋਲ ਸੂਚੀ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਪਾਕਿਸਤਾਨ ਮੁਸਲਿਮ ਲੀਗ ਦੇ ਬੁਲਾਰੇ ਮਰਿਯਮ ਔਰੰਗਜ਼ੇਬ ਨੇ ਅਲੀਮਾ ਖਾਨ ਦੀ ਅਮਰੀਕਾ ਵਿਚ ਜਾਇਦਾਦ ਦੀ ਆਮਦਨ ਦੇ ਸਰੋਤ 'ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ 'ਬੇਨਾਮੀਦਾਰ' ਦੱਸਿਆ।

Vandana

This news is Content Editor Vandana