ਆਨਲਾਈਨ ਗੇਮ PUBG ਨੇ ਪਾਕਿ ''ਚ ਇਕ 16 ਸਾਲਾ ਮੁੰਡੇ ਦੀ ਲਈ ਜਾਨ

06/24/2020 6:05:05 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇਕ 16 ਸਾਲਾ ਮੁੰਡੇ ਨੇ ਇੱਕ ਮਸ਼ਹੂਰ ਆਨਲਾਈਨ ਗੇਮ ਖੇਡਣ ਦੌਰਾਨ ਇਸ ਦਾ ਇੱਕ ਟਾਸਕ ਪੂਰਾ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਕਥਿਤ ਤੌਰ ਤੇ ਖੁਦਕੁਸ਼ੀ ਕਰ ਲਈ।ਪੁਲਿਸ ਨੇ ਇਹ ਜਾਣਕਾਰੀ ਦਿੱਤੀ।

ਸੀਨੀਅਰ ਪੁਲਿਸ ਅਧਿਕਾਰੀ ਗ਼ਜ਼ਨਫਾਰ ਸੈਯਦ ਦੇ ਮੁਤਾਬਕ, ਹਿੰਗਰਵਾਲ ਦੇ ਵਸਨੀਕ ਮੁਹੰਮਦ ਜ਼ਕਰੀਆ ਨੇ ਮੰਗਲਵਾਰ ਨੂੰ PUBG ਖੇਡਦੇ ਸਮੇਂ ਉਸ ਵੱਲੋਂ ਦਿੱਤੇ ਗਏ ਇਕ ਟਾਸਕ ਨੂੰ ਪੂਰਾ ਨਾ ਕਰ ਪਾਉਣ ਵਿਚ ਅਸਫਲ ਰਹਿਣ ਦੇ ਬਾਅਦ ਇੱਕ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮੁੰਡੇ ਨੇ ਹਾਲ ਹੀ ਵਿੱਚ ਆਪਣੇ ਦਸਵੀਂ ਦੇ ਪੇਪਰਾਂ ਲਈ ਦਾਖਲਾ ਲਿਆ ਸੀ।

PlayerUnknown's Battlegrounds (PUBG) ਇੱਕ ਆਨਲਾਈਨ ਮਲਟੀਪਲੇਅਰ ਬੈਟਲ ਗੇਮ ਹੈ। ਸੈਯਦ ਨੇ ਸਮਾਚਾਰ ਏਜੰਸੀ ਡਾਨ ਨੂੰ ਦੱਸਿਆ,“ਅਸੀਂ ਉਸ ਸਮੇਂ ਮੁੰਡੇ ਦੇ ਮੋਬਾਈਲ ਫੋਨ ਨੂੰ ਉਸ ਦੇ ਲਾਸ਼ ਦੇ ਨੇੜੇ ਬਿਸਤਰੇ ਤੇ PUBG ਗੇਮ ਦੇ ਨਾਲ ਪਾਇਆ। ਅਸੀਂ ਤੁਰੰਤ ਇਸ ਘਟਨਾ ਦੀ ਹੋਰ ਜਾਂਚ ਲਈ ਪੰਜਾਬ ਫੋਰੈਂਸਿਕ ਸਾਇੰਸ ਏਜੰਸੀ ਨੂੰ ਬੁਲਾਇਆ।'' ਉਹਨਾਂ ਨੇ ਅੱਗੇ ਕਿਹਾ,“ਇਹ ਪੂਰੀ ਤਰ੍ਹਾ ਗੇਮ ਖੇਡਣ ਦੇ ਨਸ਼ੇ ਦਾ ਮਾਮਲਾ ਸੀ ਕਿਉਂਕਿ ਮੁੰਡਾ ਦਿਨ ਵਿੱਚ ਕਈ ਘੰਟੇ PUBG ਗੇਮ ਖੇਡਦਾ ਰਿਹਾ।''  

ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁੰਡੇ ਦੇ ਪਿਤਾ ਨੇ ਉਸ ਆਨਲਾਈਨ ਗੇਮ ਪ੍ਰਤੀ ਉਸ ਦੇ ਜਨੂੰਨ ਦੀ ਪੁਸ਼ਟੀ ਕੀਤੀ ਜਿਸ 'ਤੇ ਉਸਨੇ ਦਿਨ ਵਿਚ ਕਈ ਘੰਟੇ ਬਿਤਾਏ। ਇਸ ਆਨਲਾਈਨ ਗੇਮ ਨਾਲ ਸਬੰਧਤ ਪੰਜਾਬ ਸੂਬੇ ਵਿੱਚ ਇਹ ਚੌਥੀ ਖੁਦਕੁਸ਼ੀ ਦੱਸੀ ਜਾਂਦੀ ਹੈ। ਇਸ ਤੋਂ ਪਹਿਲਾਂ, ਇਕ ਹੋਰ ਆਨਲਾਈਨ ਗੇਮ “ਬਲਿਊ ਵ੍ਹੇਲ ਚੈਲੇਂਜ” ਨੇ ਦੇਸ਼ ਦੇ ਕਈ ਨਾਬਾਲਗਾਂ ਦੀ ਜਾਨ ਲਈ ਸੀ। 


 

Vandana

This news is Content Editor Vandana